ਭਰਤਪੁਰ, 13 ਸਤੰਬਰ – ਰਾਜਸਥਾਨ ਦੇ ਭਰਤਪੁਰ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਸੜਕ ਕਿਨਾਰੇ ਖੜ੍ਹੀ ਸਵਾਰੀਆਂ ਨਾਲ ਭਰੀ ਬੱਸ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 15 ਵਿਅਕਤੀ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਲਖਨਪੁਰ, ਨਦਬਾਈ, ਹਲੇਆਣਾ ਅਤੇ ਵੈਰ ਥਾਣਿਆਂ ਦੀ ਪੁਲੀਸ ਮੌਕੇ ਤੇ ਪਹੁੰਚ ਗਈ।
ਇਹ ਘਟਨਾ ਲਖਨਪੁਰ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ 21 ਤੇ ਹੰਤਾਰਾ ਨੇੜੇ ਸਵੇਰੇ 5:30 ਵਜੇ ਵਾਪਰੀ। ਬੱਸ ਭਾਵਨਗਰ ਤੋਂ ਮਥੁਰਾ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਪਹੁੰਚ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ ਅਤੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਇਸ ਦੌਰਾਨ ਉਥੋਂ ਲੰਘ ਰਹੇ ਹੋਰ ਵਾਹਨਾਂ ਦੇ ਚਾਲਕਾਂ ਨੇ ਪੁਲੀਸ ਨੂੰ ਫੋਨ ਕੀਤਾ ਅਤੇ ਐਂਬੂਲੈਂਸ ਬੁਲਾਈ। ਸਾਰਿਆਂ ਦੀਆਂ ਲਾਸ਼ਾਂ ਨੂੰ ਭਰਤਪੁਰ ਜ਼ਿਲਾ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਮਰਨ ਵਾਲਿਆਂ ਵਿੱਚ ਛੇ ਔਰਤਾਂ ਅਤੇ ਪੰਜ ਪੁਰਸ਼ ਸ਼ਾਮਲ ਹਨ। ਸਾਰੇ ਮ੍ਰਿਤਕ ਭਾਵਨਗਰ (ਗੁਜਰਾਤ) ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਗੁਜਰਾਤ ਦੇ ਭਾਵਨਗਰ ਵਾਸੀ ਬਾਲਾ ਭਾਈ ਨੇ ਦੱਸਿਆ ਕਿ ਉਹ ਭਾਵਨਗਰ ਤੋਂ ਹਰਿਦੁਆਰ ਜਾ ਰਿਹਾ ਸੀ। ਬੱਸ ਵਿੱਚ ਅੰਬਾ ਰਾਮਬਾਈ, ਉਨ੍ਹਾਂ ਦੇ ਪਿੰਡ ਭਾਵਨਗਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਸ਼ਰਧਾਲੂਆਂ ਦੀ ਸਮੁੱਚੀ ਸੰਗਤ ਮੌਜੂਦ ਸੀ, ਜਿਸ ਵਿੱਚ 55 ਤੋਂ 57 ਮਰਦ-ਔਰਤਾਂ ਸ਼ਰਧਾਲੂ ਸਨ। ਬੱਸ ਹਾਈਵੇਅ ਤੇ ਖੜੀ ਸੀ, ਕੁਝ ਯਾਤਰੀ ਉਤਰ ਚੁੱਕੇ ਸਨ। ਜਦੋਂ ਕੁਝ ਲੋਕ ਬੱਸ ਵਿੱਚ ਸੁੱਤੇ ਹੋਏ ਸਨ, ਤਾਂ ਅਚਾਨਕ ਇੱਕ ਟਰੱਕ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਇਹ ਬੱਸ ਨੂੰ ਪਾੜ ਕੇ ਅੱਗੇ ਨਿਕਲ ਗਈ।
ਸੂਚਨਾ ਮਿਲਣ ਤੇ ਨਾਦਬਾਈ ਥਾਣਾ ਪੁਲੀਸ ਵੀ ਮੌਕੇ ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਆਰ ਬੀ ਐਮ ਜ਼ਿਲਾ ਹਸਪਤਾਲ ਪਹੁੰਚਾਇਆ।
ਪੁਲਿਸ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟੱਕਰ ਕਿਸ ਵਾਹਨ ਨਾਲ ਹੋਈ। ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹੋਸ਼ ਵਿੱਚ ਆਉਣ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾਇਆ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲੀਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਜਾਸ਼ਟਰੀ ਫੰਡ ਤੋਂ 2-2 ਲੱਖ ਰੁਪਏ ਦੀ ਐਕਸ-ਗੇ੍ਰਸ਼ੀਆ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।