ਚੰਡੀਗੜ੍ਹ, 7 ਸਤੰਬਰ – ਥਾਈਲੈਂਡ ਵਿੱਚ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ, ਜਿਥੇ ਨਵਜੰਮੇ ਬੱਚੇ ਦੀ ਅੱਖਾਂ ਦਾ ਰੰਗ ਕੋਵਿਡ ਦਾ ਇਲਾਜ ਕਰਨ ਬਾਅਦ ਭੂਰੇ ਤੋਂ ਨੀਲੇ ਵਿੱਚ ਬਦਲ ਗਿਆ। ਬੱਚੇ, ਜਿਸ ਨੂੰ ਖੰਘ ਅਤੇ ਬੁਖਾਰ ਸੀ, ਦਾ ਕੋਵਿਡ ਲਈ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਉਹ ਪਾਜ਼ੇਟਿਵ ਨਿਕਲਿਆ। ਟੈਸਟ ਦੇ ਬਾਅਦ ਬੱਚੇ ਦਾ ਬੈਂਕਾਕ ਵਿੱਚ ਡਾਕਟਰਾਂ ਵੱਲੋਂ ਫੈਵੀਪੀਰਾਵਿਰ ਦੀ ਵਰਤੋਂ ਕਰਕੇ ਇਲਾਜ ਕੀਤਾ ਗਿਆ। ਬੱਚੇ ਨੂੰ ਦਵਾਈ ਦੇਣ ਤੋਂ ਕੁਝ ਘੰਟਿਆਂ ਬਾਅਦ ਮਾਂ ਨੇ ਬੱਚੇ ਦੀਆਂ ਅੱਖਾਂ ਦੇ ਰੰਗ ਵਿੱਚ ਬਦਲਾਅ ਦੇਖਿਆ। ਬੱਚੇ ਦੀ ਸਿਹਤ ਵਿੱਚ ਸੁਧਾਰ ਹੋਣ ਕਾਰਨ ਦਵਾਈ ਬੰਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਅੱਖਾਂ ਮੁੜ ਭੂਰੀਆਂ ਹੋ ਗਈਆਂ।
ਭਾਰਤ ਵਿੱਚ 2021 ਵਿੱਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਫੈਵੀਪੀਰਾਵਿਰ ਲੈਣ ਤੋਂ ਬਾਅਦ 20 ਸਾਲਾ ਨੌਜਵਾਨ ਦੀਆਂ ਅੱਖਾਂ ਨੀਲੀਆਂ ਹੋ ਗਈਆਂ ਸਨ। ਫੈਵੀਪੀਰਾਵਿਰ, ਕਈ ਕਿਸਮ ਦੇ ਵਾਇਰਸਾਂ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ, ਦੀ ਵਰਤੋਂ ਚੀਨ ਵਿੱਚ 2020 ਵਿੱਚ ਕੋਵਿਡ ਦੇ ਇਲਾਜ ਲਈ ਕੀਤੀ ਗਈ ਸੀ। ਬਾਅਦ ਵਿੱਚ ਭਾਰਤ, ਥਾਈਲੈਂਡ ਅਤੇ ਜਾਪਾਨ ਵਰਗੇ ਹੋਰ ਦੇਸ਼ਾਂ ਨੇ ਕੋਵਿਡ ਲਈ ਇਸ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ।