ਨਵੀਂ ਦਿੱਲੀ, 6 ਸਤੰਬਰ – ਇੰਡੀਆ ਬਨਾਮ ਭਾਰਤ ਦੀ ਸਿਆਸੀ ਲੜਾਈ ਵਿਚ ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਆਪਣੀ ਪ੍ਰਤਿਕਿਰਿਆ ਦਿਖਾਈ। ਅੱਜ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਕਰ ਕੇ ਇਸ ਮਾਮਲੇ ਤੇ ਭਾਜਪਾ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਲੜਾਈ ਕਾਰਨ ਦੇਸ਼ ਦੇ ਅਹਿਮ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮਾਇਆਵਤੀ ਨੇ ਸਰਕਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਇਆਵਤੀ ਨੇ ਕਿਹਾ ਕਿ ਭਾਜਪਾ ਨੇ ਇੰਡੀਆ ਬਨਾਮ ਭਾਰਤ ਵਿਚ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਅਤੇ ਵਿਕਾਸ ਦੇ ਅਹਿਮ ਮੁੱਦਿਆਂ ਨੂੰ ਪਾਸੇ ਕਰ ਦਿੱਤਾ ਹੈ। ਇਸੇ ਲਈ ਬਸਪਾ ਜਾਤੀਵਾਦੀ ਫਿਰਕੂ ਅਤੇ ਪੂੰਜੀਵਾਦੀ ਗਠਜੋੜਾਂ ਤੋਂ ਦੂਰੀ ਬਣਾ ਕੇ ਰੱਖਣਾ ਹੀ ਠੀਕ ਸਮਝਦੀ ਹੈ। ਵਿਰੋਧੀ ਗਠਜੋੜ ਇੰਡੀਆ ਦੇ ਨਾਂ ਨੂੰ ਲੈ ਕੇ ਮਾਇਆਵਤੀ ਨੇ ਵੀ ਆਪਣਾ ਪੱਖ ਰੱਖਿਆ। ਬਸਪਾ ਸੁਪਰੀਮੋ ਨੇ ਕਿਹਾ ਕਿ ਇੰਡੀਆ ਗਠਜੋੜ ਖ਼ਿਲਾਫ਼ ਐਨ ਡੀ ਏ ਗਠਜੋੜ ਅਤੇ ਭਾਜਪਾ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਂ ਨੂੰ ਲੈ ਕੇ ਆਪਣੇ ਸੰਵਿਧਾਨ ਨਾਲ ਛੇੜਛਾੜ ਕਰਨ ਦਾ ਮੌਕਾ ਭਾਜਪਾ ਦੀ ਐਨ ਡੀ ਏ ਨੂੰ ਖ਼ੁਦ ਵਿਰੋਧੀ ਧਿਰ ਨੇ ਸੋਚੀ ਸਮਝੀ ਰਣਨੀਤੀ ਤਹਿਤ ਆਪਣੇ ਗਠਜੋੜ ਦਾ ਨਾਂ ਇੰਡੀਆ ਰੱਖ ਕੇ ਦਿੱਤਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਸਭ ਕੁਝ ਸੱਤਾਧਾਰੀ ਤੇ ਵਿਰੋਧੀ ਧਿਰ ਅੰਦਰੂਨੀ ਤੌਰ ਤੇ ਮਿਲੀਭੁਗਤ ਨਾਲ ਕਰ ਰਹੇ ਹੋਣ। ਇਸ ਦੀ ਵੀ ਸ਼ੰਕਾ ਹੈ.