ਕੁਰੂਕਸ਼ੇਤਰ, 6 ਸਤੰਬਰ – ਕੁਰੂਕਸ਼ੇਤਰ ਦੇ ਰੇਲਵੇ ਸਟੇਸ਼ਨ ਦੀ ਇਕ ਕੰਧ ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ। ਇਨ੍ਹਾਂ ਨਾਅਰਿਆਂ ਵਿਚ ਪੰਜਾਬੀ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਨਾਅਰਿਆਂ ਦੇ ਨਾਲ ਸਿੱਖਸ ਫਾਰ ਜਸਟਿਸ ਵੀ ਲਿਖਿਆ ਹੋਇਆ ਸੀ। ਸੂਚਨਾ ਮਿਲਣ ਤੇ ਰੇਲਵੇ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਨਾਅਰਿਆਂ ਦੇ ਉਪਰ ਪੇਂਟ ਕਰਵਾਇਆ। ਘਟਨਾ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਹ ਕੰਧ ਰੇਲਵੇ ਸਟੇਸ਼ਨ ਦੇ ਅੰਦਰ ਹੀ ਹੈ। ਸਵੇਰੇ ਸੂਚਨਾ ਮਿਲਦਿਆਂ ਹੀ ਜੀ. ਆਰ. ਪੀ. ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਤਿਉਹਾਰਾਂ ਅਤੇ ਜੀ-20 ਸੰਮੇਲਨ ਦੀ ਸ਼ੁਰੂਆਤ ਤੋਂ ਪਹਿਲਾਂ ਅਜਿਹੀ ਘਟਨਾ ਵਾਪਰਨ ਨਾਲ ਪ੍ਰਸ਼ਾਸਨ ਵੀ ਹੱਕਾ-ਬੱਕਾ ਹੈ। ਲਗਭਗ ਇਕ ਸਾਲ ਪਹਿਲਾਂ ਇਕ ਜੇਲ ਦੀ ਕੰਧ ਤੇ ਵੀ ਖਾਲਿਸਤਾਨੀ ਨਾਅਰੇ ਲਿਖੇ ਹੋਏ ਮਿਲੇ ਸਨ। ਜੀ. ਆਰ. ਪੀ. ਥਾਣਾ ਮੁਖੀ ਓਮ ਪ੍ਰਕਾਸ਼ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ।
ਫਿਲਹਾਲ ਕੁਰੂਕਸ਼ੇਤਰ ਪੁਲੀਸ ਨੇ ਇਸ ਪੂਰੇ ਮਾਮਲੇ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਅਤੇ ਜਾਂਚ ਏਜੰਸੀਆਂ ਸਾਂਝੇ ਤੌਰ ਤੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਖਾਲਿਸਤਾਨੀ ਸਮਰਥਕ ਪੰਜਾਬ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਸਨ। ਹੁਣ ਉਹ ਹਰਿਆਣਾ ਸਮੇਤ ਭਾਰਤ ਦੇ ਹੋਰ ਸੂਬਿਆਂ ਵਿਚ ਸਰਗਰਮ ਹੋ ਗਏ ਹਨ।