ਐਸ ਏ ਐਸ ਨਗਰ, 5 ਸਤੰਬਰ – ਖੇਤੀ ਸੈਕਟਰ ਨੂੰ ਮਾੜੀ ਬਿਜਲੀ ਸਪਲਾਈ ਹੋਣ ਦੇ ਰੋਸ ਵਜੋਂ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖਰੜ ਗਰਿੱਡ ਵਿੱਚ ਐਕਸੀਅਨ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਸੂਬਾ ਪ੍ਰੈਸ ਸਕੱਤਰ ਸ. ਮੇਹਰ ਸਿੰਘ ਥੇੜੀ ਨੇ ਕਿਹਾ ਕਿ ਜੁਲਾਈ ਮਹੀਨੇ ਵਿੱਚ ਕੁਦਰਤ ਦੀ ਕਰੋਪੀ ਕਾਰਨ ਪਹਿਲਾਂ ਤਾਂ ਪੰਜਾਬ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆ ਗਿਆ ਅਤੇ ਜਿਹੜਾ ਇਲਾਕਾ ਪਾਣੀ ਉਤਰਨ ਨਾਲ ਬਚਿਆ ਤਾਂ ਅਗਸਤ ਮਹੀਨੇ ਵਿੱਚ ਸੋਕਾ ਆ ਗਿਆ ਅਤੇ ਇਸ ਦੌਰਾਨ ਬਿਜਲੀ ਮਹਿਕਮਾ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਿਹਾ। ਇਸ ਮੌਕੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਅਤੇ ਸz. ਗਿਆਨ ਸਿੰਘ ਧੜਾਕ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਖਰੜ ਗਰਿੱਡ ਦਾ ਵੱਡਾ ਟਰਾਂਸਫਾਰਮਰ (ਜਿਹੜਾ ਛੋਟੇ ਗਰਿੱਡਾਂ ਨੂੰ ਸਪਲਾਈ ਦਿੰਦਾ ਹੈ) ਖਰਾਬ ਹੋ ਗਿਆ ਸੀ ਜਿਸ ਨਾਲ ਪੂਰੇ ਚਾਰ ਦਿਨ ਬਿਜਲੀ ਬੰਦ ਰਹੀ ਅਤੇ ਇਸ ਦੌਰਾਨ ਝੋਨੇ ਦੇ ਖੇਤਾਂ ਵਿੱਚ ਤਰੇੜਾਂ ਪੈ ਗਈਆਂ ਅਤੇ ਖੇਤਾਂ ਨੂੰ ਪਾਣੀ ਦੀ ਦੁੱਗਣੀ ਲੋੜ ਪੈ ਗਈ। ਉਹਨਾਂ ਕਿਹਾ ਕਿ ਹੁਣ ਤਕਰੀਬਨ ਇਕ ਹਫਤੇ ਤੋਂ ਖਰੜ, ਘੜੂੰਆ ਗਰਿੱਡਾਂ ਤੋਂ ਚਲਦੇ ਸਾਰੇ ਫੀਡਰਾਂ ਵਿੱਚ ਲਗਭਗ ਦੋ ਤੋਂ ਚਾਰ ਘੰਟੇ ਦੀ ਸਪਲਾਈ ਦਿੱਤੀ ਜਾ ਰਹੀ ਹੈ ਜਿਸ ਨਾਲ ਝੋਨੇ ਸਮੇਤ ਬਾਕੀ ਸਾਰੀਆਂ ਫਸਲਾਂ ਸੁੱਕਣ ਦੀ ਕਗਾਰ ਤੇ ਆ ਗਈਆਂ ਹਨ।
ਯੂਨੀਅਨ ਦੇ ਜਿਲ੍ਹਾ ਪਰੈਸ ਸਕੱਤਰ ਹਕੀਕਤ ਸਿੰਘ ਘੜੂੰਆਂ ਨੇ ਦੱਸਿਆ ਕਿ ਧਰਨੇ ਦੌਰਾਨ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਧਰਨੇ ਵਿੱਚ ਆ ਕੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਅੱਜ ਤੋਂ ਬਿਜਲੀ ਸਪਲਾਈ ਠੀਕ ਆਵੇਗੀ ਕਿਉਂਕਿ ਜਿੱਥੇ ਕਿਤੇ ਕੋਈ ਨੁਕਸ ਸੀ ਠੀਕ ਕਰ ਲਿਆ ਗਿਆ ਹੈ। ਜਿਸਤੋਂ ਬਾਅਦ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਮਹਿਕਮੇ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਪਲਾਈ ਠੀਕ ਨਾ ਹੋਈ ਤਾਂ ਫਿਰ ਕਿਸਾਨ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।