ਫਰੀਦਕੋਟ, 25 ਜੂਨ, 2020 : ਅੱਜ ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋਂ ਪਲਾਜ਼ਮਾ ਥੈਰੇਪੀ ਨਾਲ ਠੀਕ ਹੋਏ ਪੰਜਾਬ ਦੇ ਪਹਿਲੇ ਕਰੋਨਾ ਮਰੀਜ਼ ਨੂੰ ਤੰਦਰੁਸਤ ਹੋਣ ਉਪਰੰਤ ਛੁੱਟੀ ਦਿੱਤੀ ਗਈ। ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ ਡਾ ਰਾਜ ਬਹਾਦਰ, ਸਿਵਲ ਸਰਜਨ ਡਾ ਰਜਿੰਦਰ ਕੁਮਾਰ ਸਮੇਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੇ ਥੈਰੇਪੀ ਨੂੰ ਕਾਮਯਾਬ ਕਰਨ ਵਾਲਾ ਸਮੂਹ ਡਾਕਟਰੀ ਅਮਲਾ ਹਾਜ਼ਰ ਸੀ।
ਇਸ ਮੌਕੇ ਉਪ ਕੁਲਪਤੀ ਡਾ ਰਾਜ ਬਹਾਦਰ ਨੇ ਦੱਸਿਆ ਕਿ ਆਈ ਸੀ ਐਮ ਆਰ ਦੀ ਗਾਈਡੈਂਸ ਅਤੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਕਰੋਨਾ ਦੇ ਜ਼ਿਲ੍ਹੇ ਨਾਲ ਸਬੰਧਤ ਪਹਿਲਾ ਮਰੀਜ਼ ਜੋ ਕਿ ਤੰਦਰੁਸਤ ਹੋ ਚੁੱਕਾ ਸੀ, ਦਾ ਪਲਾਜ਼ਮਾ ਲੈ ਕੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਕਰੋਨਾ ਮਰੀਜ਼ ਓਮ ਕਾਂਤ ਦਾ ਪਲਾਜਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਅਤੇ ਮੈਡੀਕਲ ਕਾਲਜ ਦੇ ਸਟਾਫ ਦੀ ਮਿਹਨਤ ਸਦਕਾ ਮਰੀਜ਼ ਅੱਜ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਮਰੀਜ਼ ਤੇ ਪਲਾਜ਼ਮਾ ਥੈਰੇਪੀ ਦੀ ਸਫਲਤਾ ਨਾਲ ਹੁਣ ਅੱਗੇ ਹੋਰ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵੀ ਰਾਹ ਖੁਲੇਗਾ। ਉਨ੍ਹਾਂ ਇਸ ਕੇਸ ਦੀ ਸਫਲਤਾ ਲਈ ਮੁਖੀ ਮੈਡੀਸਨ ਵਿਭਾਗ ਡਾ ਰਵਿੰਦਰ ਗਰਗ,ਡਾ ਕੱਕੜ, ਡਾ ਕਿਰਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ ਦੀਪਕ ਜ਼ੋਨ ਭੱਟੀ, ਸੁਪਰਡੈਂਟ ਡਾ ਰਾਜੀਵ ਜ਼ੋਸ਼ੀ ਸਮੇਤ ਸਮੁੱਚੀ ਟੀਮ ਨੂੰ ਇਸ ਸਫਲਤਾ ਲਈ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਉਹ ਪਹਿਲਾਂ ਠੀਕ ਹੋ ਚੁੱਕੇ ਕਰੋਨਾ ਮਰੀਜ਼ਾਂ ਨੂੰ ਅਪੀਲ ਕਰਨਗੇ ਕਿ ਉਹ ਆਪਣਾ ਪਲਾਜ਼ਮਾ ਇਲਾਜ ਅਧੀਨ ਮਰੀਜ਼ਾਂ ਲਈ ਦਾਨ ਦੇਣ ਤਾਂ ਜੋ ਉਨ੍ਹਾਂ ਨੂੰ ਇਸ ਥੈਰੇਪੀ ਜਰੀਏ ਤੰਦਰੁਸਤ ਕੀਤਾ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਡਾ ਰਜਿੰਦਰ ਕੁਮਾਰ,ਮੈਡੀਕਲ ਕਾਲਜ ਦੇ ਸੁਪਰਡੈਂਟ ਡਾ ਰਾਜੀਵ ਜ਼ੋਸ਼ੀ ਨੇ ਵੀ ਪਲਾਜ਼ਮਾ ਥੈਰੇਪੀ ਦੀ ਸਫਲਤਾ ਲਈ ਸਮੂਹ ਡਾਕਟਰੀ ਅਮਲੇ ਨੂੰ ਵਧਾਈ ਦਿੱਤੀ ਅਤੇ ਪਲਾਜ਼ਮਾ ਥੈਰੇਪੀ ਨਾਲ ਤੰਦਰੁਸਤ ਹੋਏ ਮਰੀਜ਼ ਓਮਕਾਂਤ ਨੂੰ ਮਿਸ਼ਨ ਫਤਿਹ ਦਾ ਬੈਜ ਲਗਾ ਕੇ ਅਤੇ ਗੁਲਦਸਤਾ ਭੇਟ ਕਰਕੇ ਘਰ ਲਈ ਰਵਾਨਾ ਕੀਤਾ।