ਗੁਰਦਾਸਪੁਰ, 25 ਜੂਨ 2020-ਪੰਜਾਬ ਸਰਕਾਰ ਵੱਲੋਂ ਫਾਰਮਾਸਿਸਟਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਪੱਕਿਆਂ ਕਰਨ ਦੀ ਮੰਗ ਪੂਰਾ ਨਾ ਕੀਤੇ ਜਾਣ ਦੇ ਰੋਸ ਵਜੋਂ ਵੀਰਵਾਰ ਨੂੰ ਸੂਬੇ ਭਰ ਦੇ 1186 ਕੱਚੇ ਫਾਰਮਾਸਿਸਟਾਂ ਅਤੇ 1186 ਦਰਜਾ ਚਾਰ ਕਰਮਚਾਰੀਆਂ ਵੱਲੋਂ ਸਮੂਹਿਕ ਤੌਰ ਤੇ ਆਪਣੇ ਅਸਤੀਫ਼ੇ ਦੇ ਦਿੱਤੇ ਗਏ। ਹਾਲਾਂ ਕਿ ਆਰਜ਼ੀ ਤੌਰ ਤੇ ਕੰਮ ਕਰ ਰਹੇ ਇਹਨਾਂ ਫਾਰਮਾਸਿਸਟਾਂ ਵੱਲੋਂ ਇਹ ਅਸਤੀਫ਼ੇ ਆਪਣੇ ਵਿਭਾਗ ਦੀ ਬਜਾਏ ਜ਼ਿਲ੍ਹਾ ਗੁਰਦਾਸਪੁਰ ਦੀ ਕਾਦੀਆਂ ਪੁਲਿਸ ਨੂੰ ਦਿੱਤੇ ਗਏ ਹਨ।
ਦਰਅਸਲ ਵੀਰਵਾਰ ਨੂੰ ਇਹ ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀ ਸੂਬੇ ਭਰ ਤੋਂ ਇਕੱਠੇ ਹੋ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਸਥਿਤ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਸਨ। ਪਰ ਸਥਾਨਕ ਪੁਲਿਸ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ। ਇਸੇ ਗੱਲ ਤੋਂ ਰੋਹ ਵਿੱਚ ਆਏ 1186 ਕੱਚੇ ਫਾਰਮਾਸਿਸਟਾਂ ਅਤੇ 1186 ਦਰਜਾ ਚਾਰ ਕਰਮਚਾਰੀਆਂ ਵੱਲੋਂ ਪੁਲਿਸ ਨੂੰ ਹੀ ਆਪਣੇ ਅਸਤੀਫ਼ੇ ਦੇ ਦਿੱਤੇ ਗਏ।
ਆਪਣੀ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਕੱਚੇ ਫਾਰਮਾਸਿਸਟ ਆਗੂ ਰੂਰਲ ਫਾਰਮੈਸੀ ਪੰਜਾਬ ਪ੍ਰਧਾਨ ਜੋਤ ਰਾਮ ਅਤੇ ਦਰਜਾ ਚਾਰ ਕਰਮਚਾਰੀ ਪੰਜਾਬ ਪ੍ਰਧਾਨ ਸਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿਖੇ 1186 ਕੱਚੇ ਫਾਰਮਾਸਿਸਟ ਅਤੇ 1186 ਦਰਜਾ ਚਾਰ ਕਰਮਚਾਰੀ ਪਿਛਲੇ 14 ਸਾਲਾਂ ਤੋਂ ਕੱਚੇ ਰੂਪ ਵਿੱਚ ਕੰਮ ਕਰ ਰਹੇ ਹਨ। ਜਿਸ ਕਾਰਨ ਇਹਨਾਂ ਕਰਮਚਾਰੀਆਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਪੱਕਿਆਂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਇਹਨਾਂ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਗਏ। ਪਰ ਹੁਣ ਤੱਕ ਉਨ੍ਹਾਂ ਵਾਧਿਆਂ ਨੂੰ ਅਮਲੀ ਜਾਮਾ ਨਹੀਂ ਪਵਾਇਆ ਗਿਆ ਅਤੇ ਇਸੇ ਦੇ ਨਤੀਜੇ ਵਜੋਂ ਇਹ ਸਾਰੇ ਕਰਮਚਾਰੀ 10 ਤੋਂ 15 ਵਾਦੀਆਂ ਰੁਪਏ ਪ੍ਰਤੀ ਮਹੀਨਾ ਜਿਹੇ ਨਾ ਮਾਤਰ ਮਿਹਨਤਾਨੇ ਤੇ ਕੰਮ ਕਰਨ ਲਈ ਮਜਬੂਰ ਸਨ।
ਉਨ੍ਹਾਂ ਦੱਸਿਆ ਕਿ ਇਸੇ ਰੋਸ ਵਜੋਂ ਉਨ੍ਹਾਂ ਨੇ ਕੈਬਿਨੇਟ ਮੰਤਰੀ ਦੇ ਘਰ ਦਾ ਘਿਰਾਓ ਕਰਨ ਦਾ ਨਿਰਨਾ ਲਿਆ ਸੀ। ਪਰ ਜਦੋਂ ਉਹ ਕਾਦੀਆਂ ਵਿਖੇ ਪਹੁੰਚੇ ਤਾਂ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਜੇਕਰ ਉਹ ਆਪਣੇ ਹੱਕਾਂ ਲਈ ਸੰਘਰਸ਼ ਵੀ ਨਹੀਂ ਕਰ ਸਕਦੇ ਤਾਂ ਅਜਿਹੀ ਸਰਕਾਰ ਦੀ ਸੇਵਾ ਕਰਨ ਦਾ ਕੀ ਫ਼ਾਇਦਾ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਭਰ ਤੋਂ 1186 ਕੱਚੇ ਫਾਰਮਾਸਿਸਟਾਂ ਅਤੇ 1186 ਦਰਜਾ ਚਾਰ ਕਰਮਚਾਰੀਆਂ ਨੇ ਮੌਕੇ ਤੇ ਹੀ ਪੁਲਿਸ ਨੂੰ ਆਪਣੇ ਅਸਤੀਫ਼ੇ ਦੇ ਦਿੱਤੇ ਹਨ।
ਹਾਲਾਂ ਕਿ ਪੂਰੇ ਮਾਮਲੇ ਦੇ ਸਬੰਧ ਵਿੱਚ ਪੁਲਿਸ ਦੀ ਭੂਮਿਕਾ ਬਾਰੇ ਜਾਣਨ ਲਈ ਜਦੋਂ ਸਥਾਨਕ ਡੀ.ਐੱਸ.ਪੀ ਲਖਬੀਰ ਸਿੰਘ ਨਾਲ ਗੱਲ ਕੀਤੀ ਗਈ। ਤਾਂ ਉਨ੍ਹਾਂ ਨੇ ਕਿਹਾ ਕਿ ਇਹ ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀ ਸਿਰਫ਼ ਕੈਬਿਨੇਟ ਮੰਤਰੀ ਨਾਲ ਮਿਲ ਕੇ ਗੱਲ ਬਾਤ ਕਰਨ ਆਏ ਸਨ। ਨਾ ਕੀ ਰੋਸ ਵਿਖਾਵਾ ਜਾਂ ਘਿਰਾਓ ਕਰਨ । ਇਸ ਲਈ ਇਹਨਾਂ ਲੋਕਾਂ ਨੂੰ ਧਰਨਾ ਪ੍ਰਦਰਸ਼ਨ ਜਾਂ ਮੰਤਰੀ ਦੀ ਕੋਠੀ ਦਾ ਘਿਉਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੌਜੂਦਾ ਹਲਾਤਾਂ ਨੂੰ ਵੇਖਦਿਆਂ ਹੋਇਆ ਲਾਅ-ਐਂਡ-ਆਰਡਰ ਬਰਕਰਾਰ ਰੱਖਣ ਅਤੇ ਕੋਰੋਨਾ ਵਾਇਰਸ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਿਦਾਇਤਾਂ ਨੂੰ ਅਮਲ ਵਿੱਚ ਲਿਆਉਂਦਿਆਂ ਇਹਨਾਂ ਲੋਕਾਂ ਨੂੰ ਪ੍ਰਦਰਸ਼ਨ ਜਾਂ ਘਿਰਾਓ ਕਰਨ ਦੀ ਘਿਰਵਾ ਨਹੀਂ ਦਿੱਤੀ ਗਈ।