ਔਕਲੈਂਡ 25 ਜੂਨ 2020 – ਨਿਊਜ਼ੀਲੈਂਡ ‘ਚ ਅੱਜ ਕੋਵਿਡ-19 ਦੇ 3 ਹੋਰ ਕੇਸ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚ ਫਿਰ ਭਾਰਤ ਤੋਂ ਆਏ ਇਕ ਯਾਤਰੀ ਦਾ ਨਾਂਅ ਹੈ। ਨਵੇਂ ਆਏ 3 ਕੇਸਾਂ ਵਿੱਚੋਂ 2 ਕ੍ਰਾਈਸਟਚਰਚ ਅਤੇ 1 ਰੋਟੋਰੂਆ ਤੋਂ ਹੈ। ਪਹਿਲਾ ਕੇਸ ਇੱਕ 30 ਸਾਲਾ ਮਹਿਲਾ ਨਾਲ ਸਬੰਧਿਤ ਹੈ ਜੋ 20 ਜੂਨ ਨੂੰ ਪੇਰੂ (ਦੱਖਣੀ ਅਮਰੀਕਾ) ਤੋਂ ਆਈ ਸੀ। ਉਹ ਰੋਟੋਰੂਆ ਵਿਖੇ ਆਈਸੋਲੇਸ਼ਨ ‘ਚ ਰਹਿ ਰਹੀ ਸੀ ਅਤੇ ਉਸ ਦਾ ਤੀਜੇ ਦਿਨ ਰੁਟੀਨ ਟੈੱਸਟ ਪਾਜ਼ੇਟਿਵ ਆਇਆ। ਉਸ ਨੂੰ ਜੈੱਟ ਪਾਰਕ ਹੋਟਲ ਦੀ ਕੁਆਰਨਟੀਨ ਸਹੂਲਤ ਵਿੱਚ ਤਬਦੀਲ ਕੀਤਾ ਗਿਆ ਹੈ। ਆਕਲੈਂਡ ਏਅਰਪੋਰਟ ਤੋਂ ਰੋਟੋਰੂਆ ਦੇ ਈਬਿਸ ਹੋਟਲ ਜਾਣ ਵਾਲੀ ਬੱਸ ਦੇ ਹਰੇਕ ਵਿਅਕਤੀ, ਜਿਸ ਵਿੱਚ ਬੱਸ ਡਰਾਈਵਰ ਵੀ ਸ਼ਾਮਿਲ ਹੈ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਜਾਂਚ ਕੀਤੀ ਜਾਏਗੀ।
ਦੂਜਾ ਕੇਸ 70 ਸਾਲਾਂ ਦੇ ਇੱਕ ਵਿਅਕਤੀ ਨਾਲ ਸਬੰਧਿਤ ਹੈ ਜੋ 20 ਜੂਨ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਆਇਆ ਸੀ। ਇਸਨੂੰ ਕ੍ਰਾਈਸਟਚਰਚ ਦੇ ਕਮੋਡੋਰ ਏਅਰਪੋਰਟ ਹੋਟਲ ਵਿੱਚ ਠਹਿਰਾਇਆ ਗਿਆ ਸੀ ਤੇ ਉਸ ਦਾ ਟੈੱਸਟ ਪਾਜਟਿਵ ਆਇਆ ਹੈ। ਉਸ ਦਾ ਟੈੱਸਟ ਤੀਜੇ ਦਿਨ ਕੀਤਾ ਗਿਆ ਸੀ। ਤੀਸਰਾ ਕੇਸ ਵੀ ਭਾਰਤ ਤੋਂ ਆਏ 30 ਸਾਲਾ ਦੇ ਇੱਕ ਵਿਅਕਤੀ ਦਾ ਹੈ ਜੋ 20 ਜੂਨ ਨੂੰ ਨਵੀਂ ਦਿੱਲੀ ਤੋਂ ਆਇਆ ਸੀ ਉਸਨੂੰ ਵੀ ਕਮੋਡੋਰ ਏਅਰਪੋਰਟ ਹੋਟਲ ਵਿੱਚ ਰਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਦੋਵੇਂ ਆਦਮੀ ਉਸੇ ਉਡਾਣ ਵਿਚ ਆਏ ਸਨ, ਜਿਸ ਵਿੱਚ ਪਹਿਲਾਂ ਇਕ ਪਤੀ, ਪਤਨੀ ਅਤੇ ਉਨ੍ਹਾਂ ਦਾ 2 ਸਾਲ ਤੋਂ ਘੱਟ ਉਮਰ ਦਾ ਬੱਚਾ ਪਾਜੇਟਿਵ ਆਏ ਸਨ। ਕ੍ਰਾਈਸਟਚਰਚ ਦੇ ਦੋ ਮਾਮਲਿਆਂ ਦੇ ਕਿਸੇ ਵੀ ਸੰਭਾਵਿਤ ਸੰਪਰਕ ਦੀ ਪਛਾਣ ਕੀਤੀ ਜਾ ਰਹੀ ਹੈ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1519 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ। ਕੰਨਫ਼ਰਮ ਕੇਸ 1169 ਅਤੇ ਪ੍ਰੋਵੈਬਲੀ 350 ਹਨ। ਇਸ ਵਿੱਚ ਐਕਟਿਵ 13 ਕੇਸ ਅਤੇ ਸਾਰੇ ਆਈਸੋਲੇਸ਼ਨ ਵਿੱਚ ਹਨ, ਜਦੋਂ ਕਿ ਕੋਵਿਡ-19 ਤੋਂ 1484 ਲੋਕ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ।ਪਿਛਲੇ ਐਕਟਿਵ ਕੇਸਾਂ ਵਿਚੋਂ ਇਕ ਮਰੀਜ਼ ਠੀਕ ਹੋਇਆ ਹੈ।