ਬਟਾਲਾ/ ਗੁਰਦਾਸਪੁਰ , 24 ਅਗਸਤ 2023 : ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਨੇੜਿਓਂ ਜਾਣਨ ਅਤੇ ਸ਼ਾਸਨ ਤੇ ਸੁਰੱਖਿਆ ਵਿਚ ਸਰਗਰਮ ਭਾਈਵਾਲ ਬਣਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਸੂਬੇ ਵਿਚ ‘ਸਟੂਡੈਂਟ ਪੁਲਿਸ ਕੈਡਿਟ’ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੇ ਪੜਾਅ ਵਿਚ ਸੂਬੇ ਦੇ 280 ਸਰਕਾਰੀ ਸਕੂਲਾਂ ਦੇ 8ਵੀਂ ਜਮਾਤ ਦੇ 11200 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਦਾ ਕੋਰਸ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਵੱਲੋਂ ਤਿਆਰ ਕੀਤਾ ਗਿਆ ਜੋ ਮੌਜੂਦਾ ਵਿਦਿਅਕ ਸਾਲ 2023-24 ਵਿਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਸਾਲਾਂ ਵਿਚ ਕਰਵਾਇਆ ਜਾਵੇਗਾ। ਦੋ ਸਾਲਾ ਕੋਰਸ ਤਹਿਤ ਏਹੀ ਵਿਦਿਆਰਥੀ ਵਿਦਿਅਕ ਵਰ੍ਹੇ 2024-25 ਵਿਚ ਨੌਵੀਂ ਜਮਾਤ ਵਿਚ ਇਸ ਸਕੀਮ ਦਾ ਹਿੱਸਾ ਬਣੇ ਰਹਿਣਗੇ।
ਉਨਾਂ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕਰਨ ਲਈ ਹਰੇਕ ਸਕੂਲ ਲਈ 50 ਹਜ਼ਾਰ ਰੁਪਏ ਸਾਲਾਨਾ ਅਲਾਟ ਕੀਤੇ ਗਏ ਹਨ। ਇਹ ਸਕੀਮ ਸੂਬੇ ਦੇ 28 ਜ਼ਿਲਿ੍ਹਆਂ (23 ਮਾਲ ਜ਼ਿਲ੍ਹੇ ਅਤੇ ਪੰਜ ਪੁਲਿਸ ਜ਼ਿਲ੍ਹੇ) ਵਿਚ ਲਾਗੂ ਕੀਤੀ ਜਾਵੇਗੀ। ਇਸ ਸਕੀਮ ਤਹਿਤ ਹਰੇਕ ਜ਼ਿਲ੍ਹੇ ਵਿਚ 10 ਸਕੂਲਾਂ ਵਿੱਚੋਂ ਪ੍ਰਤੀ ਸਕੂਲ 40 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਜਿਸ ਨਾਲ ਕੁੱਲ 11200 ਵਿਦਿਆਰਥੀ ਚੁਣੇ ਗਏ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਇਸ ਉਪਰਾਲੇ ਨਾਲ ਵਿਦਿਆਰਥੀਆਂ ਨੂੰ ਪੁਲਿਸ ਦੇ ਕੰਮਕਾਜ ਬਾਰੇ ਨੇੜਿਓਂ ਜਾਣਨ ਅਤੇ ਸ਼ਾਸਨ ਤੇ ਸੁਰੱਖਿਆ ਵਿਚ ਸਰਗਰਮ ਭਾਈਵਾਲ ਬਣਨ ਦਾ ਮੌਕਾ ਹਾਸਲ ਹੋਵੇਗਾ। ਦੋ ਸਾਲਾ ਕੋਰਸ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦੇ ਉਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ‘ਸਟੂਡੈਂਟ ਕੈਡਿਟ ਸਕੀਮ’ ਬਾਰੇ ਮੁਢਲੀ ਜਾਣਕਾਰੀ, ਭਿ੍ਰਸ਼ਟਾਚਾਰ, ਸਾਈਬਰ ਅਪਰਾਧ, ਅਪਰਾਧ ਦੇ ਵੱਖ-ਵੱਖ ਸਰੂਪ, ਭਰੂਣ ਹੱਤਿਆ, ਸੜਕ ਸੁਰੱਖਿਆ, ਬੱਚਿਅX ਦੀ ਸੁਰੱਖਿਆ, ਨਸ਼ਿਆਂ ਦੀ ਲਾਹਨਤ ਬਾਰੇ ਜਾਗਰੂਕਤਾ ਸੈਸ਼ਨ, ਘਰੇਲੂ ਹਿੰਸਾ, ਫਸਟ ਏਡ, ਆਫਤ ਮੌਕੇ ਹੰਗਾਮੀ ਸੇਵਾਵਾਂ ਅਤੇ ਕੁਇੰਜ਼ ਮੁਕਾਬਲੇ ਕਰਵਾਏ ਜਾਣਗੇ।
ਇਸ ਸਕੀਮ ਤਹਿਤ ਵਿਦਿਆਰਥੀ ਪੁਲਿਸ ਦਫਤਰਾਂ, ਪੁਲਿਸ ਥਾਣਿਆਂ, ਸਾਈਬਰ ਸੈੱਲ, ਫੌਰੈਂਸਿਕ ਲੈਬ, ਪੁਲਿਸ ਸਿਖਲਾਈ ਕੇਂਦਰ ਅਤੇ ਹੋਰ ਸਬੰਧਤ ਸਰਕਾਰੀ ਸੰਸਥਾਵਾਂ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ, ਗਣਤੰਤਰ ਦਿਵਸ/ਆਜ਼ਾਦੀ ਦਿਵਸ ਪਰੇਡ ਵਿਚ ਹਿੱਸਾ ਲੈਣ, ਗੈਰ-ਹਥਿਆਰਬੰਦ ਮੁਕਾਬਲੇ ਬਾਰੇ ਸਿਖਲਾਈ, ਕਾਨੂੰਨੀ ਹੱਕਾਂ ਤੇ ਜ਼ਿੰਮੇਵਾਰੀਆਂ ਬਾਰੇ ਸਿਖਲਾਈ ਦੇਣ ਦੇ ਨਾਲ-ਨਾਲ ਕਾਨੂੰਨੀ ਵਿਵਸਥਾ ਲਈ ਵੱਖ-ਵੱਖ ਡਿਊਟੀਆਂ ਬਾਰੇ ਪੁਲਿਸ ਨਾਲ ਇੰਟਰਸ਼ਿਪ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਮਾਜ ਸੇਵਾ ਨਾਲ ਸਬੰਧਤ ਸਰਗਰਮੀਆਂ ਨਾਲ ਵਿਦਿਆਰਥੀਆਂ ਨੂੰ ਜੋੜਿਆ ਜਾਵੇਗਾ ਅਤੇ ਚਰਿੱਤਰ ਨਿਰਮਾਣ ਤੇ ਕਦਰਾਂ-ਕੀਮਤਾਂ ਨੂੰ ਕੋਰਸ ਦਾ ਹਿੱਸਾ ਬਣਾਇਆ ਗਿਆ ਹੈ।