ਨਵਾਂਸ਼ਹਿਰ, 21 ਅਗਸਤ 2023 – ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਿੰਡ ਮਿਰਜਾਪੁਰ ਅਤੇ ਹੁਸੈਨਪੁਰ ਦਾ ਦੌਰਾ ਕਰਕੇ ਚੱਲ ਰਹੇ ਰਾਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ ਰਾਜੀਵ ਵਰਮਾ ਅਤੇ ਐਸ.ਡੀ.ਐਮ ਨਵਾਂਸ਼ਹਿਰ ਸ਼ਿਵਰਾਜ ਸਿੰਘ ਬੱਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਨਾਲ ਲੱਗਦੇ ਦਰਿਆ ਦੇ ਬੰਨ੍ਹਾਂ ਨੂੰ ਚੌੜਾ ਅਤੇ ਮਜ਼ਬੂਤ ਕੀਤਾ ਗਿਆ ਹੈ। ਫਿਰ ਵੀ ਪਿਛਲੇ ਚੌਵੀ ਘੰਟੇ ਦੌਰਾਨ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਬੰਨਾਂ ਨੂੰ ਥੋੜ੍ਹਾ ਜਿਹਾ ਨੁਕਸਾਨ ਪੁੱਜਿਆ ਹੈ। ਇਸ ਨੂੰ ਫਿਰ ਤੋਂ ਜੇ.ਸੀ.ਬੀ ਦੀ ਮਸ਼ੀਨ ਦੇ ਨਾਲ ਚੌੜਾ ਅਤੇ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਹੁਣ ਇਸ ਸਮੇਂ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਘੱਟ ਹੈ। ਮਿਰਜ਼ਾਪੁਰ ਵਿਖੇ ਦਰਿਆ ਦੇ ਦੂਸਰੇ ਪਾਸੇ ਵੀ ਫ਼ਸਲਾਂ ਵਾਲੀ ਜ਼ਮੀਨ 5 ਫੁੱਟ ਉੱਚੀ ਹੈ। ਜਿਸ ਹਿਸਾਬ ਦੇ ਨਾਲ ਦਰਿਆ ਦੇ ਵਿਚ ਪਾਣੀ ਚੱਲ ਰਿਹਾ ਹੈ, ਕਿਸੇ ਤਰ੍ਹਾਂ ਦੇ ਖਤਰੇ ਦੀ ਕੋਈ ਗੱਲ ਨਹੀਂ। ਜੇਕਰ ਦਰਿਆ ਦੇ ਵਿੱਚ ਪਾਣੀ ਦੀ ਉਚਾਈ ਵੱਧਦੀ ਹੈ, ਤਾਂ ਹੀ ਪਾਣੀ ਬੰਨ ਪਾਰ ਕਰਕੇ ਫ਼ਸਲਾਂ ਨੂੰ ਖਰਾਬ ਕਰ ਸਕਦਾ ਹੈ। ਇਸ ਨਾਲ ਨਿਪਟਣ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਬੰਨਾਂ ਨੂੰ ਮਜ਼ਬੂਤ ਕਰਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜੇ.ਸੀ.ਬੀ ਮਸ਼ੀਨਾਂ ਦੇ ਰਾਹੀਂ ਮਿੱਟੀ ਦੀਆਂ ਬੋਰੀਆਂ ਅਤੇ ਜਾਲ ਵਿਛਾ ਕੇ ਬੰਨ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਪਿੰਡ ਹੁਸੈਨਪੁਰ ਵਿਖੇ ਦਰਿਆ ਦੀ ਬੰਨ ਵਾਲੀ ਸਾਈਡ ਤੋਂ ਲੰਬਾਈ ਜ਼ਿਆਦਾ ਹੈ ਜੋ ਕਿ ਦੋ ਕਿਲੋਮੀਟਰ ਦੇ ਕਰੀਬ ਹੈ। ਇੱਥੇ ਵੀ ਪਾਣੀ ਆਪਣਾ ਰਸਤਾ ਬਦਲ ਰਿਹਾ ਹੈ। ਜਿੱਥੇ ਕਿੱਤੇ ਬੰਨ ਦੇ ਖੂਰਨ ਦਾ ਖਤਰਾ ਹੈ, ਉਥੇ ਬੰਨ ਨੂੰ ਪੱਥਰਾਂ ਅਤੇ ਜਾਲ ਰਾਹੀਂ ਮਜ਼ਬੂਤ ਕੀਤਾ ਜਾ ਰਿਹਾ ਹੈ।