ਸਰੀ 25 ਜੂਨ 2020-ਸਰੀ ਵਿਚ ਇਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਵੇਂਹਦਿਆਂ ਵੇਂਹਦਿਆਂ ਹੀ ਇਕ ਵੱਡਾ ਘਰ ਸੁਆਹ ਬਣ ਗਿਆ। ਇਹ ਦੋ ਮੰਜ਼ਿਲਾ ਘਰ 7 ਮੈਂਬਰੀ ਇਕ ਪਰਿਵਾਰ ਕੋਲ ਕਿਰਾਏ ਉਪਰ ਸੀ ਅਤੇ ਕਿਰਾਏਦਾਰਾਂ ਕੋਲ ਕੋਈ ਬੀਮਾ ਵੀ ਨਹੀਂ ਸੀ।
ਇਹ ਘਟਨਾ ਕੱਲ੍ਹ ਬਾਅਦ ਦੁਪਹਿਰ ਸਰੀ ਦੇ 103 ਐਵੀਨਿਊ ਤੇ 143 ਸਟਰੀਟ ‘ਤੇ ਵਾਪਰੀ। ਅੱਗ ਬੁਝਾਉਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੋਂ ਇਕ ਦਾਦੀ, ਮਾਂ, ਉਸ ਦੇ ਅੱਠ ਸਾਲ ਦੇ ਬੇਟੇ ਅਤੇ ਇਕ ਸਾਲ ਦੀ ਬੇਟੀ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ।
ਅੱਖੀਂ ਵੇਖਣ ਵਾਲੇ ਇਕ ਗੁਆਂਢੀ ਐਂਡੀ ਬੈਰੀਅਰ ਨੇ ਦੱਸਿਆ ਹੈ ਕਿ ਉਸ ਨੇ ਇਕ ਵੱਡਾ ਧਮਾਕਾ ਸੁਣਿਆ ਅਤੇ ਬਾਹਰ ਦੇਖਿਆ ਕਿ ਉਸ ਦੇ ਗੁਆਂਢੀ ਦੇ ਘਰ ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।
ਅੱਗ ਬੁਝਾਉਣ ਲਈ 23 ਫਾਇਰ ਫਾਈਟਰਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ।
ਇਸ ਪਰਿਵਾਰ ਦੀ ਇਕ ਦੋਸਤ ਸਲੀਨਾ ਰਾਸਮੁਸਨ ਨੇ ਦੱਸਿਆ ਹੈ ਕਿ ਇਸ ਪਰਿਵਾਰ ਦਾ ਸਭ ਕੁਝ ਤਬਾਹ ਹੋ ਗਿਆ ਹੈ ਅਤੇ ਇਸ ਨੂੰ ਫੌਰੀ ਮਦਦ ਦੀ ਲੋੜ ਹੈ। ਉਸ ਨੇ ਪਰਿਵਾਰ ਦੀ ਸਹਾਇਤਾ ਲਈ ਆਨ ਲਾਈਨ ਫੰਡ ਰੇਜ਼ਿੰਗ ਵੀ ਸ਼ੁਰੂ ਕੀਤਾ ਹੈ ਅਤੇ ਮਦਦ ਕਰਨ ਵਾਲੇ Gilmer Residents House Fire –GoFundMe ਸਾਈਟ ‘ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹਨ।