ਚੰਡੀਗੜ੍ਹ, 21 ਅਗਸਤ – ਪੰਜਾਬ ਪੁਲੀਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਵੱਲੋਂ ਸਰਹੱਦ ਪਾਰ ਚਲਾਏ ਜਾ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਦੇ 26 ਪੈਕੇਟ ਬਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਜਿਹਨਾਂ ਦਾ ਵਜ਼ਨ 29.2 ਕਿਲੋਗ੍ਰਾਮ ਹੈ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਹੰਮਦ ਅਜਮਲ ਰਿਆਨ ਵਾਸੀ ਪਿੰਡ ਕੰਗਣਪੁਰ ਜ਼ਿਲ੍ਹਾ ਕਸੂਰ, ਪੰਜਾਬ, ਪਾਕਿਸਤਾਨ ਅਤੇ ਸਿਵਨਾ ਵਾਸੀ ਪਿੰਡ ਅਲੀਪੁਰ, ਜ਼ਿਲ੍ਹਾ ਕਸੂਰ, ਪੰਜਾਬ, ਪਾਕਿਸਤਾਨ ਵਜੋਂ ਹੋਈ ਹੈ।
ਉਹਨਾਂ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਲੁਧਿਆਣਾ ਅਤੇ ਸੀ.ਆਈ ਫਿਰੋਜ਼ਪੁਰ ਨੇ ਬੀ.ਐਸ.ਐਫ ਨਾਲ ਮਿਲ ਕੇ ਫਿਰੋਜ਼ਪੁਰ ਦੇ ਪਿੰਡ ਗਜ਼ਨੀ ਵਾਲਾ ਦੇ ਖੇਤਰ ਵਿੱਚ ਇੱਕ ਸਾਂਝਾ ਆਪ੍ਰੇਸ਼ਨ ਚਲਾ ਕੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਦੇ ਸੱਜੀ ਬਾਂਹ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਮਮਦੋਟ ਬੀ.ਐਸ.ਐਫ ਹਸਪਤਾਲ ਲਿਜਾਇਆ ਗਿਆ।
ਇੱਥੇ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੌਰਾਨ ਪੰਜਾਬ ਪੁਲੀਸ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਇਹ ਅੱਠਵੀਂ ਵੱਡੀ ਖੇਪ ਹੈ, ਜਿਸ ਨਾਲ ਸਿਰਫ਼ 20 ਦਿਨਾਂ ਵਿੱਚ ਹੀ ਹੈਰੋਇਨ ਦੀ ਕੁੱਲ ਬਰਾਮਦਗੀ 142 ਕਿਲੋ ਹੋ ਗਈ ਹੈ। ਸਪੈਸ਼ਲ ਡੀ ਜੀ ਪੀ ਅੰਦਰੂਨੀ ਸੁਰੱਖਿਆ ਆਰ. ਐਨ. ਢੋਕੇ ਨੇ ਦੱਸਿਆ ਕਿ ਅੰਦਰੂਨੀ ਸੁਰੱਖਿਆ ਵਿੰਗ ਨੇ 1 ਜਨਵਰੀ ਤੋਂ ਹੁਣ ਤੱਕ 193 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।