ਐਸ ਏ ਐਸ ਨਗਰ, 14 ਅਗਸਤ – ਆਜਾਦੀ ਦਿਹਾੜੇ ਦੇ ਮੌਕੇ ਤੇ ਕਿਸੇ ਅਣਸੁਖਾਵੀਂ ਘਟਨਾਂ ਨੂੰ ਰੋਕਣ ਲਈ ਮੁਹਾਲੀ ਪੁਲੀਸ ਪੂਰੀ ਤਰ੍ਹਾਂ ਚਾਕ ਚੌਬੰਦ ਹੋ ਗਈ ਹੈ ਅਤੇ ਪੁਲੀਸ ਵਲੋਂ ਥਾਂ ਥਾਂ ਤੇ ਨਾਕੇਬੰਦੀ ਕਰਕੇ ਸ਼ੱਕੀ ਅਨਸਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲੀਸ ਵਲੋਂ ਜਿੱਥੇ ਸੀ ਸੀ ਟੀ ਵੀ ਕੈਮਰਿਆਂ ਨਾਲ ਲੈਸ ਹਾਈਟੈਕ ਪੀ ਸੀ ਆਰ ਵੈਨਾਂ ਤੈਨਾਤ ਕੀਤੀਆਂ ਗਈਆਂ ਹਨ ਉੱਥੇ ਨਸ਼ੀਲੀਆਂ ਵਸਤਾਂ ਅਤੇ ਧਮਾਕਾਖੇਜ ਸਮਗਰੀ ਦਾ ਪਤਾ ਲਗਾਉਣ ਲਈ ਡਾਗ ਸਕੁਐਡ ਦੀ ਵੀ ਮਦਦ ਲਈ ਜਾ ਰਹੀ ਹੈ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐਸ ਐਸ ਪੀ ਮੁਹਾਲੀ ਡਾ ਸੰਦੀਪ ਕੁਮਾਰ ਗਰਗ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਆਜਾਦੀ ਦਿਹਾੜੇ ਦੇ ਸਮਾਗਮਾਂ ਨੂੰ ਮੁੱਖ ਰੱਖਦਿਆਂ ਸੁਰਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਹਨਾਂ ਦੱਸਿਆ ਕਿ ਇਸਦੇ ਤਹਿਤ ਸਬ ਡਿਵੀਜਨ 2 ਵਲੋਂ ਜਗਤਪੁਰਾ ਚੌਂਕ, ਏਅਰਪੋਰਟ ਚੌਂਕ, ਆਈਸ਼ਰ ਚੌਂਕ, ਬੜੈਲ ਚੌਂਕ, ਫੇਜ਼ 9 ਵਿੱਚ ਮਜੈਸਟਿਕ ਹੋਟਲ ਦੇ ਸਾਮ੍ਹਣੇ, ਸਿਲਵੀ ਗਾਰਡਨ, ਵੇਵ ਸਟੇਟ, ਸੈਕਟਰ 84-85, ਇੱਟਾਂ ਵਾਲਾ ਚੌਂਕ, ਲਾਂਡਰਾ ਚੌਕ ਅਤੇ ਹੋਰਨਾਂ ਥਾਵਾਂ ਤੇ ਨਾਕੇ ਲਗਾਏ ਗਏ ਹਨ।
ਉਹਨਾਂ ਦੱਸਿਆ ਕਿ ਜਗਤਪੁਰਾ ਚੌਂਕ ਤੇ ਐਸ ਐਚ ਓ ਫੇਜ਼ 11, ਏਅਰਪੋਰਟ ਚੌਂਕ ਤੇ ਐਸ ਐਚ ਓ ਥਾਣਾ ਏਅਰੋਸਿਟੀ, ਆਈਸ਼ਰ ਚੌਂਕ ਤੇ ਐਸ ਐਚ ਓ ਸੋਹਾਣਾ, ਬੜੈਲ ਚੌਂਕ ਤੇ ਐਸ ਐਚ ਓ ਫੇਜ਼ 8, ਫੇਜ਼ 9 ਵਿੱਚ ਮਜੈਸਟਿਕ ਹੋਟਲ ਦੇ ਸਾਮ੍ਹਣੇ ਐਡੀਸ਼ਨਲ ਐਸ ਐਚ ਓ ਫੇਜ਼ 8, ਸਿਲਵੀ ਗਾਰਡਨ ਵਿਖੇ ਐਡੀਸ਼ਨਲ ਐਸ ਐਚ ਓ ਫੇਜ਼ 11, ਲਾਂਡਰਾ ਚੌਕ ਤੇ ਐਡੀਸ਼ਨਲ ਐਸ ਐਚ ਓ ਸੋਹਾਣਾ ਅਤੇ ਵੇਵ ਸਟੇਟ, ਸੈਕਟਰ 84-85, ਇੱਟਾਂ ਵਾਲਾ ਚੌਂਕ ਅਤੇ ਹੋਰਨਾਂ ਥਾਵਾਂ ਤੇ ਥਾਣੇਦਾਰ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਨਾਕੇ ਲਗਾਏ ਗਏ ਹਨ।
ਉਹਨਾਂ ਦੱਸਿਆ ਕਿ ਇਹਨਾਂ ਨਾਕਿਆਂ ਦੌਰਾਨ ਸ਼ਂਕੀ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਰਕੋ ਟੈਰੇਰਿਜਮ ਤੇ ਕਾਬੂ ਕਰਨ ਲਈ ਡਾਗ ਸਕੂਐਡ, ਸੀ ਸੀ ਟੀ ਵੀ ਕੈਮਰਿਆਂ ਨਾਲ ਯੁਕਤ ਹਾਈ ਟੈਕ ਵਾਹਨ ਅਤੇ ਭੱਜਣ ਵਾਲਿਆਂ ਨੂੰ ਫੜਣ ਲਈ ਤੇਜ਼ ਵਾਹਨ ਵੀ ਤੈਨਾਤ ਕੀਤੇ ਗਏ ਹਨ ਅਤੇ ਪੁਲੀਸ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ।