ਗੁਰਦਾਸਪੁਰ ,11 ਅਗਸਤ 2023 : ਬਰਸਾਤਾਂ ਦੇ ਦਿਨਾਂ ਵਿੱਚ ਕਈ ਤਰਾਂ ਦੀਆਂ ਬਿਮਾਰੀਆਂ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ l ਇਹਨਾਂ ਨਾਲ ਨਾ ਸਿਰਫ ਜੀਵਨ ਦੀ ਰਫਤਾਰ ਧੀਮੀ ਪੈ ਜਾਂਦੀ ਹੈ, ਬਲਕਿ ਜਿੰਦਗੀ ਅਸਤ ਵਿਅਸਤ ਹੋ ਜਾਂਦੀ ਹੈ l ਅਜਿਹੇ ਹੀ ਇੱਕ ਬਿਮਾਰੀ ਦਾ ਨਾਂ ਹੈ ਕੰਜਕਟੀਵਾਈਟੀਸ ਜਾਂ ਆਈ ਫਲੁ l ਸਿਹਤ ਸੰਸਥਾਵਾਂ ਵਿੱਚ ਇਸ ਬਿਮਾਰੀ ਤੇ ਵਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਇਸ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਕਮਿਊਨਿਟੀ ਸਿਹਤ ਕੇਂਦਰ ਸਿੰਘੋਵਾਲ ਦੀਨਾਨਗਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੋਮਿਓਪੈਥੀ ਮੈਡੀਕਲ ਅਫਸਰ ਡਾਕਟਰ ਇੰਦਰਜੀਤ ਸਿੰਘ ਰਾਣਾ ਨੇ ਅੱਜ ਸ਼ਹਿਰ ਵਿੱਚ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਈਫਲੂ ਬਿਮਾਰੀ ਤੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ l
ਸੀਨੀਅਰ ਮੈਡੀਕਲ ਅਫਸਰ ਡਾ ਅਰਵਿੰਦ ਮਹਾਜਨ ਵੱਲੋਂ ਹੋਮਿਓਪੈਥਿਕ ਸਪੈਸਲਿਸਟ ਡਾਕਟਰ ਇੰਦਰਜੀਤ ਸਿੰਘ ਰਾਣਾ ਦੀ ਡਿਊਟੀ ਲਗਾਈ ਗਈ ਅਤੇ ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੋਰ ਨੇ ਕੀਤੀ।
ਇਸ ਸੈਮੀਨਾਰ ਵਿੱਚ ਆਪਣੇ ਸੰਬੋਧਨ ਵਿਚ ਡਾਕਟਰ ਇੰਦਰਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਹ ਇੱਕ ਫੈਲਣ ਵਾਲਾ ਰੋਗ ਹੈ ਜੋ ਕਿ ਇੱਕ ਅੱਖ ਤੋਂ ਦੂਜੀ ਅੱਖ ਅਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਫੈਲਦਾ ਹੈ। ਬਰਸਾਤਾਂ ਦੇ ਮੌਸਮ ਵਿੱਚ ਇਹ ਬਿਮਾਰੀ ਜਿਆਦਾ ਹੁੰਦੀ ਹੈ ਕਿਓਂਕਿ ਇਸ ਮੌਸਮ ਵਿੱਚ ਇਸ ਬਿਮਾਰੀ ਦੇ ਵਾਇਰਸ ਨੂੰ ਤੇਜ਼ੀ ਨਾਲ ਫੈਲਣ ਦਾ ਮਾਹੌਲ ਮਿਲ ਜਾਂਦਾ ਹੈl ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਵਿੱਚ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿੱਚ ਖੁਜਲੀ ਅਤੇ ਰਿੜਕ ਪੈਣਾ, ਅੱਖ ‘ਚੋਂ ਪਾਣੀ ਆਉਣਾ, ਅੱਖ ਵਿੱਚ ਸੋਝ ਆਦਿ ਦੇਖਣ ਨੂੰ ਮਿਲਦੇ ਹਨl ਜੇਕਰ ਇਸ ਦਾ 12 ਤੋਂ 24 ਘੰਟਿਆਂ ਦੇ ਵਿੱਚ ਇਲਾਜ ਨਾ ਕੀਤਾ ਜਾਵੇ ਤਾਂ ਅੱਖਾਂ ਚੋਂ ਚਿੱਟੇ ਪੀਲੇ ਰੰਗ ਦਾ ਪਦਾਰਥ ਨਿਕਲਨਾ, ਅੱਖਾਂ ਦਾ ਆਪਸ ਵਿਚ ਚਿੱਪਕਣਾ, ਰੋਸ਼ਨੀ ਤੋਂ ਪਰੇਸ਼ਾਨੀ, ਧੁੰਦਲਾਪਣ ਅਤੇ ਬੁਖਾਰ ਹੋ ਸਕਦੇ ਹਨ ਜੋ ਕਿ ਬਿਮਾਰੀ ਦੀ ਗੰਭੀਰਤਾ ਨੂੰ ਦੱਸਦੇ ਹਨl ਅਜਿਹੇ ਹਾਲਾਤ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈl ਅੱਗੇ ਡਾਕਟਰ ਰਾਣਾ ਨੇ ਦੱਸਿਆ ਕਿ ਹੋਮਿਉਪੈਥੀ ਵਿਚ ਇਸ ਬਿਮਾਰੀ ਦਾ ਬੜਾ ਹੀ ਕਾਰਗਰ ਇਲਾਜ ਹੈ ਅਤੇ ਬਿਮਾਰੀ ਨੂੰ ਹੋਣ ਤੋਂ ਰੋਕਣ ਦੀਆਂ ਵੀ ਦਵਾਈਆਂ ਦਿੱਤੀਆਂ ਜਾਂਦੀਆਂ ਹਨl ਬਿਮਾਰੀ ਦਾ ਸੰਕ੍ਰਮਣ ਹੋਣ ਤੇ ਅੱਖਾਂ ਨੂੰ ਵਾਰ ਵਾਰ ਪਾਣੀ ਨਾਲ ਧੋਵੋ, ਗੁਲਾਬ ਜਲ ਪਾਓ, ਕਾਲੀਆਂ ਐਨਕਾਂ ਲਗਾ ਕੇ ਰੱਖੋ। ਹੱਥਾਂ ਨੂੰ ਵਾਰ-ਵਾਰ ਧੋਵੋ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰੋl ਕੰਟੈਕਟ ਲੈਂਸ ਅਤੇ ਅੱਖਾਂ ਦੇ ਮੇਕਅਪ ਪਦਾਰਥਾਂ ਦਾ ਇਸਤੇਮਾਲ ਨਾ ਕਰੋ। ਭੀੜ ਵਾਲੀਆਂ ਥਾਵਾਂ ਅਤੇ ਤੈਰਾਕੀ ਆਦਿ ਲਈ ਨਾ ਜਾਓ l ਸੰਕ੍ਰਮਣ ਗ੍ਰਸਤ ਵਿਅਕਤੀ ਨਾਲ ਹੱਥ ਨਾ ਮਿਲਾਓ l ਡਾਕਟਰ ਰਾਣਾ ਨੇ ਅੱਗੇ ਦੱਸਿਆ ਕਿ ਦਵਾਈਆਂ ਦੀਆਂ ਦੁਕਾਨਾਂ ਤੋਂ ਆਪਣੇ ਆਪ ਐਂਟੀ-ਬਾਏਓਟੀਕ ਅਤੇ ਸਟੀਰਾਈਡ ਆਈ ਡ੍ਰੋਪ ਖ਼ਰੀਦ ਕੇ ਅੱਖਾਂ ਵਿੱਚ ਇਸਤੇਮਾਲ ਨਾ ਕਰੋ, ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਦੇਸ਼ ਵਿਚ ਕਰੀਬ 18 ਮਿਲੀਅਨ ਲੋਕ ਅੱਖਾਂ ਤੋਂ ਦੇਖ ਨਹੀਂ ਸਕਦੇl ਆਪਣੇ ਅੱਜ ਦੇ ਸੰਬੋਧਨ ਵਿੱਚ ਡਾਕਟਰ ਰਾਣਾ ਨੇ ਸੰਬੋਧਨ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਅਧਿਆਪਕਾਂ ਨੂੰ ਅੱਖਾਂ ਦੀ ਰੱਖਿਆ ਕਰਨ ਅਤੇ ਅੱਖਾਂ ਦਾਨ ਕਰਨ ਲਈ ਵੀ ਮੋਟੀਵੇਟ ਕੀਤਾl