ਔਕਲੈਂਡ, 10 ਅਗਸਤ, 2023:-ਨਿਊਜ਼ੀਲੈਂਡ ਆਮ ਚੋਣਾਂ-2023 ਜੋ ਕਿ 14 ਅਕਤੂਬਰ ਨੂੰ ਨੇਪਰੇ ਚੜ੍ਹ ਰਹੀਆਂ ਹਨ, ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਵੱਖ-ਵੱਖ ਉਮੀਦਵਾਰ ਆਪਣੇ-ਆਪਣੇ ਚੋਣ ਪ੍ਰਚਾਰ ਵਿਚ ਜੁੱਟ ਗਏ ਹਨ। 12 ਅਗਸਤ ਤੋਂ ਤਿੰਨ ਮੀਟਰ ਦੀ ਉਚਾਈ ਤੱਕ ਦੇ ਸਾਈਨ ਬੋਰਡ ਵੀ ਲੱਗਣੇ ਸ਼ੁਰੂ ਹੋ ਜਾਣੇ ਹਨ ਅਤੇ 28 ਅਗਸਤ ਨੂੰ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਜਾਣੀਆਂ ਹਨ। ਤਾਜ਼ਾ ਸਰਵੇ ਦੇ ਵਿਚ ਨੈਸ਼ਨਲ ਪਾਰਟੀ ਦਾ ਗ੍ਰਾਫ ਉਤੇ ਗਿਆ ਸਾਹਮਣੇ ਆ ਰਿਹਾ ਹੈ। ਨੈਸ਼ਨਲ ਪਾਰਟੀ ਵੱਲੋਂ ਪੈਨਮਿਉਰ-ਉਟਾਹੂਹੂ ਚੋਣ ਹਲਕੇ ਤੋਂ ਪੰਜਾਬੀ ਮੂਲ ਦੇ ਕੀਵੀ ਸ. ਨਵਤੇਜ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਦੀ ਰਸਮੀ ਚੋਣ ਮੁਹਿੰਮ ਦਾ ਆਗਾਜ਼ ਬੀਤੇ ਦਿਨੀਂ ਨੈਸ਼ਨਲ ਪਾਰਟੀ ਦੇ ਨੇਤਾਵਾਂ ਨੇ ਇਕ ਸਮਾਗਮ ਦੇ ਵਿਚ ਕੀਤਾ। ਪੰਜਾਬੀਆਂ ਨੇ ਢੋਲ ਵਜਾ ਕੇ ਇਸ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਪਾਪਾਕੁਰਾ ਹਲਕੇ ਤੋਂ ਸਾਂਸਦ ਅਤੇ ਸਾਬਕਾ ਕੈਬਨਿਟ ਮੰਤਰੀ ਜੂਠਿਥ ਕੌਲਿਨਜ ਵਿਸ਼ੇਸ਼ ਤੌਰ ਉਤੇ ਪਹੁੰਚੇ ਸਨ। ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਤੋਂ ਵੀ ਪਤਵੰਤੇ ਪਹੁੰਚੇ। ਸ. ਨਵਤੇਜ ਸਿੰਘ ਰੰਧਾਵਾ ਨੇ ਆਪਣੇ ਪਰਿਵਾਰ ਦੇ ਨਿਊਜ਼ੀਲੈਂਡ ’ਚ ਸ਼ੁਰੂ ਹੋਏ ਸਫ਼ਰ ਦੀ ਵੀਡੀਓ ਰਾਹੀ ਪੇਸ਼ਕਾਰੀ ਦਿੱਤੀ ਅਤੇ ਹਾਜ਼ਰ ਸਾਰੇ ਪਤਵੰਤੇ ਸੱਜਣਾਂ ਵੱਲੋਂ ਮਿਲ ਰਹੇ ਸਹਿਯੋਗ ਬਾਰੇ ਦੱਸਿਆ। ਉਨ੍ਹਾਂ ਨੇ ਪੈਨਮਿਉਰ-ਓਟਾਹੂਹੂ ਹਲਕੇ ਵਿਚ ਮਦਦ ਕਰਨ ਵਾਲੀ ਆਪਣੀ ਟੀਮ ਦੇ ਮੈਂਬਰਾਂ ਨੂੰ ਵੀ ਹਾਜ਼ਰ ਲੋਕਾਂ ਸਾਹਮਣੇ ਪੇਸ਼ ਕੀਤਾ। ਇਸ ਮੌਕੇ ਪੈਨਮਿਉਰ-ਓਟਾਹੂਹੂ ਹਲਕੇ ਤੋਂ ਸਾਬਕਾ ਉਮੀਦਵਾਰ ਸਾਬਕਾ ਲਿਸਟ ਐਮ ਪੀ ਸ. ਕੰਵਲਜੀਤ ਸਿੰਘ ਬਖਸ਼ੀ ਵੀ ਪਹੁੰਚੇ ਸਨ। ਰੇਡੀਓ ਸਪਾਈਸ ਦੀ ਟੀਮ ਨੇ ਵੀ ਇਸ ਸਾਰੇ ਸਮਾਗਮ ਨੂੰ ਕਵਰ ਕੀਤਾ। ਚੋਣ ਪ੍ਰਚਾਰ ਦਾ ਰਸਮੀ ਆਰੰਭ ਕਰਨ ਵੇਲੇ ਨੀਲੇ ਰੰਗ ਦਾ ਕੇਕ ਵੀ ਕੱਟਿਆ ਗਿਆ। ਵਰਨਣਯੋਗ ਹੈ ਕਿ ਇਸ ਵਾਰ ਨੈਸ਼ਨਲ ਪਾਰਟੀ ਦਾ ਸਲੋਗਨ ‘ਗੈਟ ਅਵਰ ਕੰਟਰੀ ਬੈਕ ਆਨ ਟ੍ਰੈਕ’ ਹੈ। ਸੋ ਆਪਣਾ ਦੇਸ਼ ਅਤੇ ਆਪਣਾ ਉਮੀਦਵਾਰ ਹੋਵੇ ਤਾਂ ਭਾਰਤੀ ਭਾਈਚਾਰੇ ਦਾ ਸਹਿਯੋਗ ਮਿਲਣਾ ਸੁਭਾਵਿਕ ਹੈ।