ਪਟਿਆਲਾ 8 ਅਗਸਤ 2023: ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਵਿਚ ਹੜ੍ਹਾਂ ਨਾਲ ਮਚੀ ਤਬਾਹੀ ਦਾ ਜਾਇਜ਼ਾ ਲੈਣ ਪੁੱਜੀ ਕੇਂਦਰੀ ਟੀਮ ਦਾ ਦੇਰੀ ਨਾਲ ਪੰਜਾਬ ਪੁੱਜਕੇ ਹਾਲਾਤਾਂ ਦਾ ਜਾਇਜ਼ਾ ਲੈਣ ਪਿੱਛੇ ਭਗਵੰਤ ਮਾਨ ਦੀ ਸਰਕਾਰ ਜਿੰਮੇਵਾਰ ਹੈ ਅਤੇ ਸਰਕਾਰ ਦੀ ਨਲਾਇਕੀ ਅਤੇ ਗੈਰ ਸੰਜੀਦਗੀ ਕਾਰਨ ਕੇਂਦਰੀ ਟੀਮ ਵੀ ਪਾਣੀ ਦੀ ਮਾਰ ਕਾਰਨ ਨੁਕਸਾਨੀਆਂ ਫਸਲਾਂ ਅਤੇ ਅਸਲ ਹਾਲਾਤਾਂ ਦਾ ਜਾਇਜ਼ਾ ਨਹੀਂ ਲੈ ਸਕੇਗੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਏ ਹੜ੍ਹਾਂ ਕਾਰਨ ਜਿਥੇ ਫਸਲੀ ਨੁਕਸਾਨ ਹੋਇਆ, ਉਥੇ ਲੋਕਾਂ ਦਾ ਵੱਡਾ ਨੁਕਸਾਨ ਸਰਕਾਰ ਦੀ ਢਿੱਲ ਮੱਠ ਅਤੇ ਨਲਾਇਕੀ ਸਭ ਤੋਂ ਵੱਡਾ ਕਾਰਨ ਰਹੀ ਹੈ, ਜਿਸ ਦੀ ਭਰਪਾਈ ਪੰਜਾਬ ਸਰਕਾਰ ਨੇ ਤਾਂ ਕੀ ਕਰਨੀ ਸੀ, ਉਥੇ ਹੀ ਕੇਂਦਰ ਸਰਕਾਰ ਹੋਏ ਖਰਾਬ ਅਤੇ ਨੁਕਸਾਨ ਦੀ ਰਿਪੋਰਟ ਵੀ ਤਿਆਰ ਕਰਕੇ ਸਮੇਂ ਸਿਰ ਨਾ ਭੇਜੀ ਸਕੀ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਿਹੜੀ ਕੇਂਦਰੀ ਟੀਮ ਨੂੰ ਹਿਮਾਚਲ ਅਤੇ ਹਰਿਆਣਾ ਤੋਂ ਪਹਿਲਾਂ ਪੰਜਾਬ ਵਿਚ ਆ ਕੇ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਸੀ, ਉਹ ਕੇਂਦਰੀ ਟੀਮ ਹੜ੍ਹਾਂ ਦੀ ਪ੍ਰਭਾਵਤ ਇਲਾਕਿਆਂ ਵਿਚ ਦੌਰਾ ਕਰਕੇ ਉਸ ਸਮੇਂ ਜਾਇਜ਼ਾ ਲੈ ਰਹੀ ਹੈ, ਜਦੋਂ ਕਿਸਾਨਾਂ ਨੇ ਮੁੜ ਝੋਨੇ ਦੀ ਬਿਜਾਈ ਸਮੇਤ ਪਸ਼ੂਆਂ ਲਈ ਚਾਰੇ ਤੱਕ ਦੀ ਬਿਜਾਈ ਕਰ ਲਈ ਹੈ ਅਤੇ ਫੇਰ ਨੁਕਸਾਨ ਦੀ ਭਰਪਾਈ ਕਰਨ ਲਈ ਮੁੜ ਅਸਸਮੈਂਟ ਕਿਵੇਂ ਲੱਗੇਗੀ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਜਿਹੜਾ ਮੁਆਵਜ਼ਾ ਲੋਕਾਂ ਨੂੰ ਮਿਲਣਾ ਚਾਹੀਦਾ ਸੀ ਉਸ ਤੋਂ ਲੋਕ ਹੁਣ ਵਾਂਝੇ ਨਾ ਰਹਿਣ ਜਾਣ ਅਤੇ ਅਜਿਹੇ ਹਾਲਾਤਾਂ ਵਿਚ ਹੋਏ ਨੁਕਸਾਨ ਦੀ ਅਸਲ ਸਥਿਤੀ ਦੀ ਰਿਪੋਰਟ ਸ਼ਾਇਦ ਹੁਣ ਕੇਂਦਰੀ ਟੀਮ ਵੀ ਨਾ ਲੈ ਸਕੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਜਵਾਬ ਮੰਗਦੇ ਹਨ ਕਿ ਆਖਿਰ ਜਿਹੜੀ ਰਿਪੋਰਟ ਸਰਕਾਰ ਵੱਲੋਂ ਹੁਣ ਕੇਂਦਰ ਸਰਕਾਰ ਨੂੰ ਭੇਜੀ ਜਾਰੀ ਹੈ, ਉਹ ਪਹਿਲਾਂ ਕਿਉਂ ਨਹੀਂ ਭੇਜੀ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਹ ਜਵਾਬ ਦੇਣਾ ਹੋਵੇਗਾ ਕਿ ਆਖਿਰ ਆਪਣੀ ਹੈਂਕੜ ਪਿੱਛੇ ਸੂਬੇ ਦੇ ਲੋਕਾਂ ਦਾ ਨੁਕਸਾਨ ਕਿਉਂਕਿ ਕਰਵਾਇਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਭਗਵੰਤ ਮਾਨ ਇਹ ਕਹਿੰਦੇ ਹਨ ਕਿ ਕੇਂਦਰ ਅੱਗੇ ਅਸੀਂ ਹੱਥ ਨਹੀਂ ਫੈਲਾਉਣੇ ਹੁਣ ਜਦ ਕੇਂਦਰੀ ਟੀਮਾਂ ਆ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੀਆਂ ਹਨ ਤਾਂ ਮੁੱਖ ਸਕੱਤਰ ਕੇਂਦਰ ਸਰਕਾਰ ਨੂੰ ਚਿੱਠੀ ਭੇਜ ਕੇ ਮਦਦ ਮੰਗ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਗਵੰਤ ਮਾਨ ਲੋਕਾਂ ਨਾਲ ਅਜਿਹੀ ਦੋਹਰੀ ਰਾਜਨੀਤੀ ਨਾ ਕਾਰਨ ਕਿਉਂਕਿ ਹੜ੍ਹਾਂ ਦੀ ਮਾਰ ਸਹਿ ਰਹੇ ਲੋਕ ਪਹਿਲਾਂ ਹੀ ਵੱਡਾ ਨੁਕਸਾਨ ਝੱਲ ਰਹੇ ਹਨ ਤੇ ਦੂਸਰੀ ਜਿਹੜਾ ਕੇਂਦਰ ਸਰਕਾਰ ਨੇ ਨੁਕਸਾਨ ਦੀ ਅਸਲ ਭਰਪਾਈ ਕਰਨੀ ਸੀ ਉਸ ਤੋਂ ਵੀ ਪੰਜਾਬ ਸਰਕਾਰ ਲੋਕਾਂ ਨੂੰ ਵਾਂਝਾ ਕਰ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਜਿਥੇ ਕੇਂਦਰ ਸਰਕਾਰ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਸਭ ਤੋਂ ਪਹਿਲਾਂ ਉਹ ਤਾਂ ਪੰਜਾਬ ਦੇ ਲੋਕਾਂ ਦੀ ਬਾਂਹ ਫੜ੍ਹੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਡਿਸਚਾਰਜ ਮੈਨੇਜਮੈਂਟ ਤਹਿਤ ਫੰਡਾਂ ਦੀ ਵਰਤੋਂ ਕੇਂਦਰੀ ਟੀਮ ਦੀ ਸਿਫਾਰਸ਼ ਤੋਂ ਬਿਨਾਂ ਨਹੀਂ ਹੋ ਸਕਦੀ, ਪ੍ਰੰਤੂ ਮੁੱਖ ਮੰਤਰੀ ਨੇ ਹੈਂਕੜ ਰੱਖਣੀ ਹੀ ਠੀਕ ਸਮਝੀ, ਜਿਸ ਕਾਰਨ ਲੋਕਾਂ ਨੂੰ ਸਰਕਾਰ ਦੀਆਂ ਗਲਤੀਆਂ ਦਾ ਖਮਿਆਜਾ ਭੁਗਤਣਾ ਪਿਆ ਹੈ।