ਐਸ.ਏ.ਐਸ ਨਗਰ, 19 ਅਗਸਤ 2020: ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਲਈ ਸ਼ੁਰੂ ਕੀਤੀਆਂ ਹੋਈਆਂ ਲੋਕ ਭਲਾਈ ਸਕੀਮਾਂ ਤਹਿਤ ਮਿਲਦੀਆਂ ਸਹੂਲਤਾਂ ਤੋਂ ਕਿਸੇ ਵੀ ਲੋੜਵੰਦ ਨੂੰ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ I ਲੋਕ ਭਲਾਈ ਸਹੂਲਤਾਂ ਹਰੇਕ ਲੋੜਵੰਦ ਤੱਕ ਪੁੱਜਦੀਆਂ ਕਰਨ ਲਈ ਘਰ-ਘਰ ਤੱਕ ਪਹੁੰਚ ਕੀਤੀ ਜਾਵੇਗੀ I ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਲੋਕ ਭਲਾਈ ਦਫਤਰ ਫੇਜ਼ -1 ਇੰਡਸਟ੍ਰੀਅਲ ਏਰੀਆ ਮੋਹਾਲੀ ਵਿਖੇ ਲੋਕ ਭਲਾਈ ਬੱਸ ਨੂੰ ਹਰੀ ਝੰਡੀ ਵਿਖਾਕੇ ਰਵਾਨਾ ਕਰਨ ਮੌਕੇ ਕੀਤਾ I ਸ੍ਰੀ ਸਿੱਧੁ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਵਾਸੀਆਂ ਦੀ ਸੁਵਿਧਾ ਲਈ ਲੋਕ ਭਲਾਈ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਸੀ I ਇਸ ਕੇਂਦਰ ਤੋਂ ਆਮ ਲੋਕਾਂ ਨੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਲਈ ਆਪਣੇ ਪ੍ਰੋਫਾਰਮੇ ਭਰਨ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਲਾਭ ਉਠਾਇਆ I
ਸ. ਸਿੱਧੂ ਨੇ ਦੱਸਿਆ ਕਿ ਬਹੁਤ ਸਾਰੇ ਬਜ਼ੁਰਗ, ਮਹਿਲਾਵਾਂ ਅਤੇ ਵਿਸ਼ੇਸ ਲੋੜ ਵਾਲੇ ਵਿਆਕਤੀ , ਲੋਕ ਭਲਾਈ ਕੇਂਦਰ ਤੱਕ ਪਹੁੰਚਣ ਤੋਂ ਅਸਮਰਥ ਹਨ ਅਤੇ ਕੋਵਿਡ-19 ਦੇ ਚਲਦਿਆਂ ਇਕ ਥਾਂ ਇੱਕਠ ਹੋਣ ਤੋਂ ਬਚਾਉਣ ਲਈ ਹਲਕੇ ਦੇ ਲੋੜਵੰਦ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਲਈ ਲੋਕ ਭਲਾਈ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ I ਉਨ੍ਹਾਂ ਦੱਸਿਆ ਕਿ ਇਹ ਬੱਸ ਵਿਧਾਨ ਸਭਾ ਹਲਕਾ ਮੁਹਾਲੀ ਦੇ ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰਾਂ ਵਿੱਚ ਹਰੇਕ ਘਰ ਤੱਕ ਪਹੁੰਚ ਕਰੇਗੀ I ਬੱਸ ਵਿੱਚ ਇਲੈਕਟ੍ਰੋਨਿਕ ਸਾਜੋ ਸਮਾਨ ਜਿਵੇਂ ਕਿ ਕੰਪਿਊਟਰ, ਪ੍ਰਿੰਟਰ, ਕੈਮਰਾ ਆਦਿ ਲਗਾਇਆ ਗਿਆ ਹੈ ਅਤੇ ਇਸ ਵਿੱਚ ਚਾਰ ਵਰਕਰ ਮੌਜੂਦ ਹੋਣਗੇ ਜੋ ਮੌਕੇ ਤੇ ਲੋਕ ਭਲਾਈ ਸਕੀਮਾਂ ਸਬੰਧੀ ਪ੍ਰੋਫਾਰਮੇ ਮੁਕਮੰਲ ਤੌਰ ਤੇ ਭਰ ਕੇ ਸਬੰਧਤ ਵਿਭਾਗ ਨੂੰ ਆਨ ਲਾਇਨ ਭੇਜਣਗੇ I ਉਨ੍ਹਾਂ ਦੱਸਿਆ ਕਿ ਬੱਸ ਵਿੱਚ ਫੋਟੋ ਖਿੱਚਣ ਦਾ ਵੀ ਪ੍ਰਬੰਧ ਹੋਵੇਗਾ ਲੋੜ ਅਨੁਸਾਰ ਮੌਕੇ ਤੇ ਫੋਟੋ ਤਿਆਰ ਕਰਕੇ ਫਾਰਮ ਤੇ ਲਗਾਈ ਜਾਵੇਗੀ I
ਇਸ ਮੌਕੇ ਸ. ਸਿੱਧੂ ਦੇ ਰਾਜਨੀਤਿਕ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮੇ ਨੇ ਦੱਸਿਆ ਕਿ ਸਿਹਤ ਤੇ ਪਰਿਵਾਰੀ ਭਲਾਈ ਮੰਤਰੀ ਜੋ ਹਲਕਾ ਵਿਧਾਕ ਵੀ ਹਨ ਵੱਲੋਂ ਆਪਣੇ ਵਸਿਲਿਆਂ ਨਾਲ ਲੋਕ ਭਲਾਈ ਬਸ ਚਲਾ ਕੇ ਹਲਕੇ ਦੇ ਲੋਕਾਂ ਨੂੰ ਕੀਮਤੀ ਤੋਹਫ਼ਾ ਦਿੱਤਾ ਗਿਆ । ਇਹ ਬਸ ਐਸ.ਏ.ਐਸ ਨਗਰ ਸ਼ਹਿਰ ਚ ਹਰ ਰੋਜ਼ ਕਰੀਬ ਦੋ ਵਾਰਡ ਕਵਰ ਕਰੇਗੀ I ਵਾਰਡਾਂ ਨੂੰ ਮੁਕਮੰਲ ਕਰਕੇ ਹਲਕੇ ਦੇ ਹਰ ਪਿੰਡ ਵਿੱਚ ਜਾ ਕੇ ਲੋੜਵੰਦ ਲੋਕਾਂ ਦੇ ਪੈਨਸ਼ਨ ਫਾਰਮ, ਸਰਬੱਤ ਸਿਹਤ ਬੀਮਾ ਯੋਜਨਾ, ਵਿਧਵਾ ਪੈਨਸ਼ਨ, ਲੇਬਰ ਕਾਰਡ, ਹੈਂਡੀਕੈਪ ਸਰਟੀਫਿਕੇਟ ਅਤੇ ਆਸ਼ਰਤ ਬੱਚਿਆਂ ਆਦਿ ਦੇ ਫਾਰਮ ਭਰੇ ਜਾਣਗੇ । ਬਸ ਵਿੱਚ ਮੌਜੂਦ ਵਰਕਰ ਮੌਕੇ ਤੇ ਹੀ ਆਨਲਾਈਨ ਫਾਰਮ ਭਰਕੇ ਲੋਕਾਂ ਨੂੰ ਇਹ ਸੁਵਿਧਾ ਮੁਹੱਈਆ ਕਰਵਾਏਗਾ । ਇਸ ਮੌਕੇ ਚੇਅਰਮੈਨ ਜਿਲ੍ਹਾ ਸਹਿਰਕਾਰੀ ਬੈਂਕ ਮੋਹਾਲੀ ਅਮਰਜੀਤ ਸਿੰਘ ਜੀਤੀ ਸਿੱਧੂ, ਸਾਬਕਾ ਕੌਸਲਰ ਕੁਲਜੀਤ ਸਿੰਘ ਬੇਦੀ, ਦਲਜੀਤ ਸਿੰਘ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਅਜੈਬ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ ।