ਦਮਦਮਾ ਸਾਹਿਬ:- 03 ਅਗਸਤ 2023 – ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦੇਸ਼ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਹ ਬੇਹੱਦ ਮੰਦਭਾਗਾ ਅਫਸੋਸ਼ ਜਨਕ ਅਤੇ ਸਮੁੱਚੇ ਦੇਸ਼ ਨੂੰ ਦਾਗ਼ਦਾਰ ਕਰਨ ਵਾਲਾ ਹੈ। ਉਨ੍ਹਾਂ ਕਿਹਾ ਪਹਿਲਾਂ ਕੁੱਝ ਮਹੀਨੇ ਦੇਸ਼ ਦੇ ਉੱਤਰ ਪੂਰਬੀ ਖਿੱਤੇ ਵਿੱਚ ਬੇਹੱਦ ਘਿਨਾਉਣੀਆਂ ਘਟਨਾਵਾਂ ਵਾਪਰੀਆਂ ਹਨ। ਇਕੋ ਹੀ ਪ੍ਰਾਂਤ ਮਨੀਪੁਰ ਵਿੱਚ ਵਸਦੇ ਕੁੱਝ ਕਬੀਲਿਆਂ ਦੀ ਆਪਸੀ ਭਿਆਨਕ ਲੜਾਈ ਵਿੱਚ ਅਨੇਕਾਂ ਲੋਕ ਮਾਰੇ ਗਏ, ਅਨੇਕਾਂ ਘਰ, ਵਾਹਨ ਤੇ ਸੰਪਤੀ ਸਾੜ ਦਿਤੀ ਗਈ ਹੈ। ਦੁਖ ਦੀ ਗੱਲ ਹੈ ਕਿ ਹੁਣ ਤੱਕ ਵੀ ਉੱਥੇ ਤਣਾਅ ਜਾਰੀ ਘਟਨਾਵਾਂ ਅਜੇ ਵੀ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਉਥੋਂ ਦੀ ਸਰਕਾਰ, ਪੁਲਿਸ ਅਤੇ ਪ੍ਰਸ਼ਾਸਨ ਬੇਵੱਸ ਦਿਖਾਈ ਦਿੱਤਾ ਹੈ। ਦੇਸ਼ ਤੇ ਵਿਦੇਸ਼ ਵਿੱਚ ਇਸ ਮੰਦਭਾਗੇ ਘਟਨਾਕ੍ਰਮ ਨੇ ਕੇਂਦਰ ਸਰਕਾਰ ਦੇ ਪ੍ਰਭਾਵ ਨੂੰ ਘਟਾਇਆ ਹੈ।
ਬਾਬਾ ਬਲਬੀਰ ਸਿੰਘ ਨੇ ਕਿਹਾ ਹੁਣ ਜੋ ਹਰਿਆਣੇ ਵਿੱਚ ਵਾਪਰਿਆ ਹੈ, ਉਸ ਨੇ ਦੇਸ਼ ਵਾਸੀਆਂ ਦੀ ਚਿੰਤਾ ਨੂੰ ਹੋਰ ਵੀ ਵਧਾ ਦਿੱਤਾ ਹੈ। ਇਕ ਧਾਰਮਿਕ ਜਲੂਸ ਨੂੰ ਲੈ ਕੇ ਦੋ ਫ਼ਿਰਕਿਆਂ ਦੀਆਂ ਹੋਈਆਂ ਖ਼ੂਨੀ ਝੜਪਾਂ ਦਾ ਸੇਕ ਪੂਰੇ ਦੇਸ਼ ਵਿੱਚ ਮਹਿਸੂਸ ਕੀਤਾ ਜਾਣ ਲੱਗਾ ਹੈ। ਨੂਹ ਦੇ ਇਲਾਕੇ ਵਿੱਚ ਲੱਗੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ। ਉਨ੍ਹਾਂ ਕਿਹਾ ਦੇਸ਼ ਵਿੱਚ ਬਿਨਾਂ ਸ਼ੱਕ ਪਿਛਲੇ ਲੰਮੇ ਸਮੇਂ ਤੋਂ ਫ਼ਿਰਕੂ ਫ਼ਸਾਦ ਹੁੰਦੇ ਰਹੇ ਹਨ ਪਰ ਅੱਜ ਜਿਸ ਤਰ੍ਹਾਂ ਧਾਰਮਿਕ ਜਲੂਸਾਂ ਤੇ ਧਾਰਮਿਕ ਸਥਾਨਾਂ ਦੇ ਨਾਂਅ ‘ਤੇ ਲੋਕ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ, ਉਹ ਬੇਹੱਦ ਚਿੰਤਾਜਨਕ ਹਨ, ਇਨ੍ਹਾਂ ਦੀ ਸਾਰੇ ਪਾਸਿਓ ਸਖ਼ਤ ਨਿੰਦਾ ਹੋਣੀ ਚਾਹੀਦੀ ਹੈ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਫ਼ਿਰਕੂ ਨਫ਼ਰਤ ਦਾ ਬੋਲਬਾਲਾ ਹੈ।ਅਜਿਹੇ ਹਲਾਤ ਪੈਦਾ ਕਰਨ ਤੇ ਹੋਰ ਵਧਾਉਣ ਵਿੱਚ ਜਿਹੜੇ ਸੰਗਠਨ, ਸਿਆਸੀ ਪਾਰਟੀਆਂ ਜਾਂ ਸ਼ਰਾਰਤੀ ਲੋਕ ਹਿੰਸਾ ਨੂੰ ਭੜਕਾ ਰਹੇ ਹਨ, ਉਹ ਦੇਸ਼ ਨਾਲ ਧ੍ਰੋਹ ਕਮਾ ਰਹੇ ਹਨ। ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਪਹਿਲਾਂ ਮਨੀਪੁਰ ਤੇ ਹੁਣ ਹਰਿਆਣੇ ਵਿਚ ਲੱਗੀ ਅੱਗ ਨੂੰ ਹਰ ਹੀਲੇ ਬੁਝਾਉਣਾ ਸਾਡਾ ਤੇ ਸਰਕਾਰਾਂ ਦਾ ਪਹਿਲਾਂ ਫ਼ਰਜ਼ ਬਣਦਾ ਹੈ ਅਤੇ ਫਿਰਕੂ ਭੀੜਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਦੀ ਸ਼ਨਾਖਤ ਵੀ ਜ਼ਰੂਰ ਹੋਣੀ ਚਾਹੀਦੀ ਹੈ।