ਐਸ ਏ ਐਸ ਨਗਰ, 1 ਅਗਸਤ- ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇਸ ਸਾਲ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜ਼ਿਲ੍ਹੇ ਵਿੱਚ ਮੌਜੂਦ ਸਬਸਿਡੀ ਆਧਾਰਿਤ ਪਰਾਲੀ ਪ੍ਰਬੰਧਨ ਮਸ਼ੀਨਰੀ ਨੂੰ ਵਰਤੋਂ ਯੋਗ/ਕਾਰਜਸ਼ੀਲ ਰੱਖਣ ਲਈ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 15 ਅਗਸਤ ਤੱਕ ਨਿਰੀਖਣ ਯਕੀਨੀ ਬਨਾਉਣ ਤਾਂ ਜੋ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਸੰਬੰਧੀ ਕੀਤੀ ਗਈ ਆਨਲਾਈਨ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਨੂੰ ਪਿਛਲੇ ਸਾਲਾਂ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਵਾਲੇ 85 ਪਿੰਡਾਂ ਨੂੰ ਰੈਡ ਅਤੇ ਯੈਲੋ ਜ਼ੋਨ ਵਿੱਚ ਵੰਡਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਲੋੜੀਂਦੀ ਇੰਨ ਸੀਟੂ ਮਸ਼ੀਨਰੀ, ਐਕਸ ਸੀਟੂ ਮਸ਼ੀਨ ਜਾਂ ਕੋਈ ਹੋਰ ਸਹਾਇਤਾ ਸਬੰਧੀ ਸਰਵੇਖਣ ਕਰਨ ਲਈ ਹੁਕਮ ਕੀਤੇ, ਤਾਂ ਜੋ ਇਨ੍ਹਾਂ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ। ਮੀਟਿੰਗ ਵਿੱਚ ਵਧੀਕ ਡਿਪਟੀ ਕਮਸ਼ਿਨਰ (ਵਿਕਾਸ), ਸਮੂਹ ਉਪ ਮੰਡਲ ਮੈਜਿਸਟਰੇਟ, ਮੁੱਖ ਖੇਤੀਬਾੜੀ ਅਫਸਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਾਇੰਸਦਾਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ, ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਨੇ ਸ਼ਮੂਲੀਅਤ ਕੀਤੀ।
ਜ਼ਿਲ੍ਹੇ ਵਿੱਚ ਕੰਮ ਕਰ ਰਹੇ ਭੱਠਿਆਂ ਦੁਆਰਾ ਘੱਟ ਤੋਂ ਘੱਟ 20 ਫ਼ੀਸਦੀ ਪਰਾਲੀ ਤੋਂ ਤਿਆਰ ਕੀਤੇ ਪੈਲਟਸ ਦੀ ਵਰਤੋਂ ਨੂੰ ਯਕੀਨੀ ਬਨਾਉਣ ਲਈ ਜ਼ਿਲ੍ਹਾ ਫੂਡ ਤੇ ਸਪਲਾਈ ਅਫਸਰ ਐਸ. ਏ. ਐਸ.ਨਗਰ ਨੂੰ ਜ਼ਿਲ੍ਹੇ ਵਿੱਚ ਪੈਲਟਸ ਯੂਨਿਟ ਲਗਵਾਉਣ ਲਈ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਕਿਹਾ ਗਿਆ। ਉਨ੍ਹਾਂ ਕਿਹਾ ਕਿ ਪੈਲਟਸ ਯੂਨਿਟ ਲਾਉਣ ਲਈ ਪ੍ਰਤੀ ਟਨ 27 ਲੱਖ ਰੁਪਏ ਦੀ ਸਬਸਿਡੀ ਵੀ ਉਪਲਬਧ ਕਰਵਾਈ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਬਸਿਡੀ ਤੇ ਮਸ਼ੀਨਰੀ ਦੀ ਖ੍ਰੀਦ ਲਈ ਅਰਜੀਆਂ ਪ੍ਰਾਪਤ ਕਰਨ ਦੀ ਮਿਤੀ ਵਿੱਚ 15 ਅਗਸਤ ਤੱਕ ਵਾਧਾ ਕੀਤਾ ਗਿਆ ਹੈ।