ਜਗਰਾਉਂ, 25 ਜੁਲਾਈ 2023 – ਲੁਧਿਆਣਾ ਦਿਹਾਤੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਲੁਧਿਆਣਾ ਦਿਹਾਤੀ ਦੇ ਸੀਆਈਏ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਦੀ ਅਗਵਾਈ ਹੇਠ ਸਿੱਧਵਾਂ ਬੇਟ- ਨਕੋਦਰ ਰੋਡ ਉੱਪਰ ਡਰੇਨ ਦੇ ਲਾਗੇ ਦੋ ਤਸਕਰਾਂ ਨੂੰ ਤਿੰਨ ਕਿਲੋ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਲੁਧਿਆਣਾ ਰੇਂਜ ਦੇ ਆਈ ਜੀ ਡਾਕਟਰ ਕੋਸਤੂਬ ਸ਼ਰਮਾ ਨੇ ਅੱਜ ਪੱਤਰਕਾਰਤਾ ਮਿਲਣੀ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇੰਸਪੈਕਟਰ ਹੀਰਾ ਸਿੰਘ ਦੀ ਟੀਮ ਜਿਸਦੀ ਅਗਵਾਈ ਖੁਦ ਇੰਸਪੈਕਟਰ ਹੀਰਾ ਸਿੰਘ ਕਰ ਰਹੇ ਸਨ ਵੱਲੋਂ ਦੋ ਸਿੱਧਵਾਂ ਬੇਟ ਇਲਾਕੇ ਦੇ ਰਹਿਣ ਵਾਲੇ ਤਸਕਰਾਂ ਕੋਲੋਂ ਤਿੰਨ ਕਿਲੋ ਹੀਰੋਇਨ ਬਰਾਮਦ ਕੀਤੀ ਹੈ।
ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੇਪ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਅਤੇ ਡਰੋਨ ਰਾਹੀਂ ਇਹ ਫਿਰੋਜ਼ਪੁਰ ਦੇ ਇਲਾਕੇ ਵਿਚ ਸੁੱਟੀ ਗਈ ਸੀ। ਜਿਸ ਨੂੰ ਇਹ ਤਸਕਰ ਲਿਆ ਕੇ ਇਲਾਕੇ ਅੰਦਰ ਸਪਲਾਈ ਕਰਨ ਜਾ ਰਹੇ ਸਨ। ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਵਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇੱਕ ਪਲਾਸਟਿਕ ਦਾ ਲਿਫਾਫਾ ਜਿਸ ਵਿੱਚ ਇਹ ਲਿਆਂਦੀ ਗਈ ਸੀ, ਅਤੇ ਉਸ ਲਿਫਾਫੇ ਉੱਪਰ ਉਰਦੂ ਵਿੱਚ ਬਲੋਚਿਸਤਾਨ ਲਿਖਿਆ ਹੋਇਆ।
ਜਿਸ ਨੂੰ ਆਈਜੀ ਵੱਲੋ ਪੱਤਰਕਾਰਾਂ ਦੇ ਸਾਹਮਣੇ ਰੱਖਿਆ ਗਿਆ। ਆਈ ਜੀ ਸ਼ਰਮਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਪਕੜੇ ਗਏ ਦੋਸ਼ੀ ਨਾਇਬ ਸਿੰਘ ਵਾਸੀ ਅੱਕੂਬਾਲ ਅਤੇ ਸੁਰਿੰਦਰ ਸਿੰਘ ਉਰਫ ਛਿੰਦਾ ਵਾਸੀ ਖੁਰਸ਼ੈਦ ਪੂਰਾ ਕੋਲੋਂ ਪਕੜੀ ਗਈ ਹੈਰੋਇਨ ਦੀ ਐਡੀ ਵੱਡੀ ਮਾਤਰਾ ਲੁਧਿਆਣਾ ਦਿਹਾਤੀ ਪੁਲਸ ਦੀ ਬਹੁਤ ਵੱਡੀ ਉਪਲੱਬਧੀ ਹੈ। ਅੱਗੇ ਦੱਸਿਆ ਕਿ ਨਾਇਬ ਸਿੰਘ ਦੀ ਭੈਣ ਕੁਸ਼ਲਿਆ ਵੀ ਹੈਰੋਈਨ ਸਮੱਗਲਿੰਗ ਦਾ ਧੰਦਾ ਕਰਦੀ ਰਹੀ ਹੈ ਅਤੇ ਉਸ ਕੋਲੋਂ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਪਕੜੀ ਗਈ ਸੀ। ਪੁਲਿਸ ਵੱਲੋਂ ਦੋਸ਼ੀਆਂ ਨੂੰ ਮਾਣ ਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਹਨਾਂ ਦੇ ਨੈਟਵਰਕ ਬਾਰੇ ਹੋਰ ਜਾਣਕਾਰੀ ਪ੍ਰਾਪਤ ਹੋ ਸਕੇ।
ਇੱਥੇ ਇਹ ਗੱਲ ਵਰਨਣਯੋਗ ਹੈ ਕੀ ਇਹ ਤਸਕਰ ਪਹਿਲਾਂ ਵੀ ਅਪਰਾਧਕ ਧੰਦਿਆਂ ਨਾਲ ਜੁੜੇ ਰਹੇ। ਨਾਇਬ ਸਿੰਘ ਉਪਰ 2014 ਵਿੱਚ ਐਨ ਡੀ ਪੀ ਐਸ ਐਕਟ ਅਧੀਨ ਮੁਕੱਦਮਾ ਦਰਜ ਹੋਇਆ ਸੀ ਜਿਸ ਲਈ ਅਦਾਲਤ ਵੱਲੋਂ ਇਸ ਨੂੰ ਸਜ਼ਾ ਵੀ ਦਿੱਤੀ ਹੋਈ ਹੈ। ਦੂਸਰੇ ਦੋਸ਼ੀ ਸੁਰਿੰਦਰ ਸਿੰਘ ਉਰਫ ਛਿੰਦਾ ਉਪਰ ਥਾਣਾ ਸਿੱਧਵਾਂ ਬੇਟ ਵਿਖੇ ਮਾਇਨਿੰਗ ਐਕਟ ਅਧੀਨ 2 ਅਲਗ ਅਲਗ ਮਾਮਲੇ ਦਰਜ ਹਨ।
ਆਈ ਜੀ ਡਾਕਟਰ ਕੋਸਤੂਵ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਾਲ 2023 ਅੰਦਰ ਕੁਲ 253 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 352 ਦੋਸ਼ੀਆਂ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹਨਾਂ ਦੋਸ਼ੀਆਂ ਕੋਲੋਂ ਪੰਜ ਕਿਲੋ 29 ਗ੍ਰਾਮ ਹਿਰੋਇਨ 18 ਕਿਲੋ 720 ਗ੍ਰਾਮ ਅਫੀਮ, ਤਿੰਨ ਕੁਇੰਟਲ 39 ਕਿਲੋ ਪੋਸਤ, 88 ਗ੍ਰਾਮ ਚਰਸ, ਡੇਢ ਕਿੱਲੋ ਗਾਂਜਾ, 160 ਗ੍ਰਾ ਨਸ਼ੀਲਾ ਪਾਊਡਰ ਤੇਰਾ ਨਸ਼ੇ ਦੇ ਟੀਕੇ, 50,533 ਨਸ਼ੇ ਦੀਆਂ ਗੋਲੀਆਂ, ਦੋ ਕੁਇੰਟਲ 10 ਕਿਲੋ ਅਫੀਮ ਦੇ ਹਰੇ ਬੂਟੇ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇੱਕ ਲੱਖ 35 ਹਜ਼ਾਰ 920 ਰੁਪਏ ਡਰੱਗ ਮਨੀ ਵੀ ਪਕੜੀ ਗਈ ਹੈ।