ਚੰਡੀਗੜ੍ਹ, 14 ਜੁਲਾਈ – ਚੰਡੀਗੜ੍ਹ ਦੀ ਸੁਖਨਾ ਝੀਲ ਦਾ ਪਾਣੀ ਇਕ ਵਾਰ ਫਿਰ ਵੱਧ ਜਾਣ ਕਾਰਨ ਇਸ ਦੇ ਇਕ ਫਲੱਡ ਗੇਟ ਨੂੰ ਖੋਲ੍ਹਣਾ ਪਿਆ ਹੈ। ਇਹ ਫਲੱਡ ਗੇਟ ਬੀਤੀ ਰਾਤ 1 ਵਜੇ ਦੇ ਕਰੀਬ ਖੋਲ੍ਹਿਆ ਗਿਆ ਸੀ, ਜਿਸ ਨੂੰ ਅੱਜ ਸਵੇਰੇ 9.30 ਵਜੇ ਦੇ ਕਰੀਬ ਬੰਦ ਕਰ ਦਿੱਤਾ ਗਿਆ ਹੈ। ਫਲੱਡ ਗੇਟ ਖੋਲ੍ਹਣ ਨਾਲ ਜਿਨ੍ਹਾਂ ਥਾਵਾਂ ਤੇ ਸੁਖਨਾ ਨਿਕਲਦੀ ਹੈ, ਉੱਥੇ ਕੁੱਝ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲੀਸ ਨੇ ਐਡਵਾਈਜ਼ਰੀ ਜਾਰੀ ਕਰਕੇ ਇਨ੍ਹਾਂ ਇਲਾਕਿਆਂ ਤੋਂ ਨਿਕਲਣ ਤੋਂ ਮਨ੍ਹਾਂ ਕੀਤਾ ਹੈ।
ਚੰਡੀਗੜ੍ਹ ਪੁਲੀਸ ਨੇ ਪਿੰਡ ਕਿਸ਼ਨਗੜ੍ਹ ਵਿੱਚ ਸੁਖਨਾ ਤੇ ਬਣੇ ਪੁਲ, ਸ਼ਾਸਤਰੀ ਨਗਰ, ਸੀ. ਟੀ. ਯੂ. ਵਰਕਸ਼ਾਪ ਅਤੇ ਮੱਖਣ ਮਾਜਰਾ ਨੇੜਿਓਂ ਰਾਹ ਬੰਦ ਕਰ ਦਿੱਤਾ ਹੈ। ਜਦੋਂ ਤੱਕ ਪਾਣੀ ਦਾ ਪੱਧਰ ਘੱਟ ਨਹੀ ਹੁੰਦਾ, ਉਦੋਂ ਤੱਕ ਇਹ ਰਾਹ ਬੰਦ ਰਹੇਗਾ। ਜਿਕਰਯੋਗ ਹੈ ਕਿ ਵੀਰਵਾਰ ਸਵੇਰੇ ਤੋਂ ਹੀ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵੱਧਣ ਲੱਗਾ ਸੀ।
ਪਿਛਲੇ 3 ਦਿਨਾਂ ਤੋਂ ਰੁਕੇ ਮੀਂਹ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ ਘੱਟ ਹੋ ਗਿਆ ਸੀ ਪਰ ਵੀਰਵਾਰ ਅਚਾਨਕ ਸਵੇਰ ਸਮੇਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵੱਧਣ ਲੱਗਾ। ਵੇਖਦੇ ਹੀ ਵੇਖਦੇ ਪਾਣੀ ਦਾ ਪੱਧਰ 1162 ਤੱਕ ਪਹੁੰਚਿਆ ਅਤੇ ਥੋੜ੍ਹੀ ਦੇਰ ਵਿੱਚ ਹੀ 1162.30 ਫੁੱਟ ਤਕ ਪਹੁੰਚ ਗਿਆ। ਇਸ ਨਾਲ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਅਲਰਟ ਹੋ ਗਏ ਅਤੇ ਬੀਤੀ ਰਾਤ ਇਕ ਫਲੱਟ ਗੇਟ ਖੋਲ੍ਹ ਦਿੱਤਾ ਗਿਆ।