ਗੁਰਦਾਸਪੁਰ, 6 ਜੁਲਾਈ 2023 – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਜੰਮੂ ਵਿਖੇ ਲਿੰਗ ਨਿਰਧਾਰਤ ਕਰਨ ਵਾਲੇ ਇੱਕ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਘੱਟ ਰਹੇ ਲਿੰਗ ਅਨੁਪਾਤ ਤੋਂ ਚਿੰਤਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਿਹਤ ਵਿਭਾਗ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਲਿੰਗ ਨਿਰਧਾਰਨ ਕਰਨ ਵਾਲੇ ਅਲਟਰਾਸਾਊਂਡ ਸਕੈਨਿੰਗ ਸੈਂਟਰਾਂ ਦੀ ਛਾਪੇਮਾਰੀ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਕਿਹੜਾ ਸਕੈਨਿੰਗ ਸੈਂਟਰ ਇਹ ਅਣ-ਮਨੁੱਖੀ ਕਾਰਾ ਕਰ ਰਿਹਾ ਹੈ ਤਾਂ ਜੋ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਪੂਰੇ ਜ਼ਿਲ੍ਹੇ ਵਿੱਚ ਚੈਕਿੰਗ ਦਾ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੰਮੂ ਸ਼ਹਿਰ ਵਿੱਚ ਇੱਕ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਲਿੰਗ ਨਿਰਧਾਰਨ ਟੈਸਟ ਕਰਦਾ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਕਈ ਗਰਭਵਤੀ ਔਰਤਾਂ ਓਥੇ ਜਾ ਕੇ ਇਹ ਟੈਸਟ ਕਰਵਾਉਂਦੀਆਂ ਹਨ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਇਸ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਦਾ ਪਰਦਾਫਾਸ਼ ਕਰਨ ਲਈ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ।
ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਇੱਕ ਸਾਂਝੀ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਡਾ. ਰਜਿੰਦਰ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਗੁਰਦਾਸਪੁਰ, ਡਾ. ਹਰਪ੍ਰੀਤ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਲੁਧਿਆਣਾ, ਡਾ. ਰਾਜ ਕੁਮਾਰ ਜ਼ਿਲ੍ਹਾ ਭਲਾਈ ਅਫ਼ਸਰ ਪਠਾਨਕੋਟ ਸ਼ਾਮਲ ਸਨ। ਇਸ ਟੀਮ ਵੱਲੋਂ ਲੁਧਿਆਣਾ ਸ਼ਹਿਰ ਤੋਂ ਇੱਕ ਨਕਲੀ ਗ੍ਰਾਹਕ ਤਿਆਰ ਕੀਤਾ ਗਿਆ ਜਿਸ ਨੇ ਗੁਰਦਾਸਪੁਰ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਦੀ ਦਲਾਲ ਸਰਬਜੀਤ ਕੌਰ ਨਾਲ ਰਾਬਤਾ ਕੀਤਾ।