ਸੋਨੀਪਤ, 6 ਜੁਲਾਈ- ਹਰਿਆਣਾ ਸਰਕਾਰ ਵਲੋਂ ਹੁਣ ਰਾਜ ਦੇ ਛੜਿਆਂ ਨੂੰ ਵੀ ਪੈਂਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਲਾਨ ਕੀਤਾ ਹੈ ਕਿ ਹੁਣ ਹਰਿਆਣਾ ਵਿੱਚ ਕੁਆਰਿਆਂ ਦੇ ਨਾਲ-ਨਾਲ ਉਹਨਾਂ ਮਰਦਾਂ ਨੂੰ ਵੀ ਪੈਂਸ਼ਨ ਦਿੱਤੀ ਜਾਵੇਗੀ ਜਿਹਨਾਂ ਦੀਆਂ ਪਤਨੀਆਂ ਮਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ 45 ਤੋਂ 60 ਸਾਲ ਦੇ ਉਹ ਪੁਰਸ਼ (ਜਿਹਨਾਂ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ ਅਤੇ ਜਿਨ੍ਹਾਂ ਦੀ ਆਮਦਨ 3 ਲੱਖ ਰੁਪਏ ਤਕ ਹੈ ਉਨ੍ਹਾਂ ਨੂੰ ਪੈਨਸ਼ਨ ਦਾ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕਿ ਹਰਿਆਣਾ ਵਿਚ ਅਜਿਹੇ 5 ਹਜ਼ਾਰ ਲੋਕ ਹਨ ਜਿਨ੍ਹਾਂ ਨੂੰ ਇਹ ਲਾਭ ਮਿਲੇਗਾ। ਇਸਤੋਂ ਇਲਾਵਾ 71 ਹਜ਼ਾਰ ਅਜਿਹੇ ਲੋਕ ਹਨ ਜਿਨ੍ਹਾਂ ਦੀ ਆਮਦਨ 1 ਲੱਖ 80 ਹਜ਼ਾਰ ਰੁਪਏ ਤਕ ਹੈ ਅਤੇ ਉਹ 40 ਤੋਂ 60 ਸਾਲ ਦੀ ਉਮਰ ਦੇ ਦਾਇਰੇ ਵਿਚ ਆਉਂਦੇ ਹਨ, ਉਨ੍ਹਾਂ ਨੂੰ ਵੀ ਪੈਨਸ਼ਨ ਦਿੱਤੀ ਜਾਵੇਗੀ।
ਇਸਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਤਹਿਸੀਲਦਾਰਾਂ ਦੀ ਤਰ੍ਹਾਂ ਸਬ-ਕਲੈਕਟਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਵੀ ਜ਼ਮੀਨ ਦੀ ਰਜਿਸਟਰੀ ਕਰਵਾ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਕ ਇੰਤਕਾਲ ਲਈ ਲੋਕ ਚੱਕਰ ਕੱਟਦੇ-ਕੱਟਦੇ ਥੱਕ ਜਾਂਦੇ ਹਨ ਪਰੰਤੂ ਹੁਣ ਸਰਕਾਰ ਨੇ ਅਜਿਹੀ ਵਿਵਸਥਾ ਸ਼ੁਰੂ ਕਰ ਦਿੱਤੀ ਹੈ ਜਿਸ ਲਈ ਉਨ੍ਹਾਂ ਨੂੰ ਚੱਕਰ ਨਹੀਂ ਕੱਟਣੇ ਪੈਣਗੇ। ਉਹਨਾਂ ਕਿਹਾ ਕਿ ਨਵੇਂ ਇੰਤਕਾਲ ਨੂੰ ਸਮਾਂਬੱਧ ਤਰੀਕੇ ਨਾਲ ਆਨਲਾਈਨ ਸ਼ੁਰੂ ਕੀਤਾ ਜਾਵੇਗਾ। ਰਜਿਸਟਰੀ ਹੋਣ ਤੋਂ ਬਾਅਦ ਉਸਨੂੰ 10 ਦਿਨਾਂ ਤਕ ਪੋਰਟਲ ਤੇ ਪਾ ਦਿੱਤਾ ਜਾਵੇਗਾ। ਇਸ ਸਮਾਂ ਮਿਆਦ ਵਿਚ ਜੇਕਰ ਕੋਈ ਆਬਜੈਕਸ਼ਨ ਨਹੀਂ ਆਉਂਦਾ ਤਾਂ ਆਪਣੇ ਆਪ ਹੀ ਵਿਅਕਤੀ ਦਾ ਨਾਮ ਰਜਿਸਟਰੀ ਵਿਚ ਬਦਲ ਜਾਵੇਗਾ। ਉਹਨਾਂ ਕਿਹਾ ਕਿ ਆਬਜੈਕਸ਼ਨ ਆਉਣ ਤੋਂ ਬਾਅਦ ਖੁਦ ਹੀ ਫਾਈਲ ਸੰਬੰਧਿਤ ਐਸ.ਡੀ.ਐਮ. ਕੋਲ ਪਹੁੰਚ ਜਾਵੇਗੀ।