ਪਟਿਆਲਾ, 21 ਜੂਨ 2020 – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਫਿਰ ਆਪਣੇ ਵੱਡੇ ਜਿਗਰੇ ਦਾ ਸਬੂਤ ਦਿੰਦਿਆਂ ਖਾੜੀ ਦੇਸ਼ਾਂ ਅੰਦਰ ਫਸੇ ਉੱਤਰੀ ਭਾਰਤ ਨਾਲ ਸਬੰਧਿਤ ਸੈਂਕੜੇ ਲੋਕਾਂ ਨੂੰ ਆਪਣੇ ਖ਼ਰਚ ‘ਤੇ ਵਾਪਸ ਵਤਨ ਲੈ ਕੇ ਆਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ ਜੋ ਆਪਣੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਹ ਖ਼ੁਦ ਉੱਤਰੀ ਭਾਰਤ ਦੇ 4 ਸੂਬਿਆਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨਾਲ ਸਬੰਧਤ ਲੋਕਾਂ ਨੂੰ ਵਾਪਸ ਲਿਆਉਣ ਲਈ ਪਹਿਲੇ ਪੜਾਅ ਤਹਿਤ 4 ਚਾਰਟਰਡ ਜਹਾਜ਼ ਬੁੱਕ ਕਰ ਕੇ ਉੱਥੇ ਫਸੇ ਲੋਕਾਂ ਨੂੰ ਵਤਨ ਲੈ ਕੇ ਆਉਣਗੇ। ਪ੍ਰਤੀ ਜਹਾਜ਼ 40 ਲੱਖ ਤੋਂ ਵਧੇਰੇ ਖ਼ਰਚਾ ਆਉਣ ਦਾ ਅਨੁਮਾਨ ਹੈ।