ਬਠਿੰਡਾ, 19 ਜੂਨ 2020 – ਆਮ ਆਦਮੀ ਪਾਰਟੀ ਪੰਜਾਬ ਨੇ ਸਰਕਾਰੀ ਸੰਪਤੀ ਵੇਚਣ ਦੇ ਮਾਮਲੇ ’ਚ ਕੈਪਟਨ ਸਰਕਾਰ ਤੇ ਬਾਦਲਾਂ ਦੇ ਰਾਹ ਚੱਲਣ ਦੇ ਦੋਸ਼ ਲਾਏ ਹਨ। ਪਾਰਟੀ ਨੇ ਬਠਿੰਡਾ ਥਰਮਲ ਬੰਦ ਕਰਨ ਨੂੰ ਪੰਜਾਬੀਆਂ ਨਾਲ ਧੋਖਾ ਕਰਾਰ ਦਿੰਦਿਆਂ ਆਪ ਦੀ ਸਰਕਾਰ ਆਉਣ ਤੇ ਥਰਮਲ ਚਲਾਉਣ ਦੀ ਗੱਲ ਆਖੀ ਹੈ। ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਠਿੰਡਾ ਦੇ ਗੁਰੂ ਨਾਨਕ ਥਰਮਲ ਪਲਾਂਟ ਦੀ 1764 ਏਕੜ ਜਮੀਨ ਨੂੰ ਵੇਚਣ ਅਤੇ ਬਠਿੰਡਾ ਦੀ ਪਹਿਚਾਣ ਨੂੰ ਖਤਮ ਕਰਨ ਦਾ, ਆਮ ਆਦਮੀ ਪਾਰਟੀ ਡਟ ਕੇ ਵਿਰੋਧ ਕਰੇਗੀ। ਉਨ੍ਹਾਂ ਆਖਿਆ ਕਿ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸਮਰਪਿਤ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਲਗਭਗ 1764 ਏਕੜ ਜ਼ਮੀਨ ਲੈ ਕੇ ਬਣਾਇਆ ਗਿਆ ਸੀ।
ਉਨ੍ਹਾਂ ਆਖਿਆ ਕਿ ਵੋਟਾਂ ਤੋਂ ਪਹਿਲਾਂ ਸ਼ਾਇਰਾਨਾ ਅੰਦਾਜ ਵਿੱਚ ਗੱਲ ਕਰਨ ਵਾਲੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਗੱਲ ਦਾ ਵੀ ਖਿਆਲ ਰੱਖਣ ਕਿ ਜਿਨ੍ਹਾਂ ਬਠਿੰਡਾ ਦੇ ਲੋਕਾਂ ਦੀ ਬਦੌਲਤ ਉਹ ਵਿੱਤ ਮੰਤਰੀ ਬਣੇ ਅਤੇ ਉਹਨਾਂ ਨਾਲ ਥਰਮਲ ਨਾ ਬੰਦ ਕਰਨ ਦੇ ਕੀਤੇ ਵਾਅਦੇ ਤੋਂ ਭੱਜਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਕੈਬਨਿਟ ਥਰਮਲ ਪਲਾਂਟ ਦੀ ਜ਼ਮੀਨ ਨੂੰ ਅੱਗੇ ਵੇਚਣ ਦੀ ਮਨਜ਼ੂਰੀ ਦੇਣ ਜਾ ਰਹੀ ਹੈ ਜੋ ਕਿ ਲੋਕਾਂ ਨਾਲ ਧੋਖਾ ਹੋਵੇਗਾ ਜਿਸ ਨੂੰ ਆਮ ਆਦਮੀ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਆਖਿਆ ਕਿ ‘ਆਪ’ ਵਲੋਂ ਵਿੱਤ ਮੰਤਰੀ ਖਿਲਾਫ ਬਠਿੰਡਾ ਦੇ ਬਜਾਰਾਂ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਚੇਤੇ ਕਰਾਇਆ ਕਿ ਇਸ ਤੋਂ ਪਹਿਲਾਂ ਬਾਦਲ ਸਰਕਾਰ ਨੇ ਵੀ ਥਰਮਲ ਪਲਾਂਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੀਆਂ ਸੰਪਤੀਆਂ ਵੇਚਣਾ ਸਰਕਾਰ ਨੂੰ ਮਹਿੰਗਾ ਪੈ ਸਕਦਾ ਹੈ।
ਜਿਕਰਯੋਗ ਹੈ ਕਿ ਸਰਕਾਰ ਨੇ ਇਸ ਥਰਮਲ ਪਲਾਂਟ ਦੀ ਨਵੀਨੀਕਰਨ ਤੇ ਤਕਰੀਬਨ 715 ਕਰੋੜ ਰੁਪਏ ਖਰਚ ਕਰਕੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਕੀਤੀ ਸੀ। ਸਰਕਾਰ ਨੇ ਇਹ ਥਰਮਲ ਪਲਾਂਟ ਜਿਸਦੀ ਮਿਆਦ 2030 ਤੱਕ ਹੈ, ਨੂੰ ਬੰਦ ਕਰ ਦਿੱਤਾ ਅਤੇ ਹੁਣ ਕੈਪਟਨ ਸਰਕਾਰ ਨੇ ਬਠਿੰਡਾ ਦੀ ਇਸ ਵਿਰਾਸਤੀ ਪਹਿਚਾਣ ਨੂੰ ਖਤਮ ਦਾ ਫੈਸਲਾ ਕਰਨ ਜਾ ਰਹੀ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਥਰਮਲ ਪਲਾਂਟ ਨੂੰ ਖਤਮ ਕਰਨ ਦਾ ਫੈਸਲਾ ਨਾ ਲੈਣ ਕਿਉਂਕਿ 2022 ਆਪ ਦੀ ਸਰਕਾਰ ਬਣਨ ਤੇ ਬਠਿੰਡਾ ਥਰਮਲ ਪਲਾਂਟ ਨੂੰ ਫਿਰ ਚਲਾਇਆ ਜਾਵੇਗਾ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਾਰੇ ਲੋਕ ਮਾਰੂ ਸਮਝੌਤੇ ਰੱਦ ਕੀਤੇ ਜਾਣਗੇ। ਨੀਲ ਗਰਗ ਨੇ ਕਿਹਾ ਕਿ ਇਸ ਥਰਮਲ ਪਲਾਂਟ ਵਾਲੀ ਜ਼ਮੀਨ ਤੇ ਉਹਨਾਂ ਕਿਸਾਨ ਪਰਿਵਾਰਾਂ ਦਾ ਹੱਕ ਹੈ ਜਿਨ੍ਹਾਂ ਤੋਂ ਥਰਮਲ ਲਗਾਉਣ ਲੱਗਿਆਂ ਜਮੀਨ ਲਈ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਇਹ ਜ਼ਮੀਨ ਕਿਸੇ ਹੋਰ ਮੰਤਵ ਲਈ ਵਰਤੇ। ਉਨ੍ਹਾਂ ਅੰਤ ’ਚ ਫਿਰ ਕਿਹਾ ਕਿ ਸਰਕਾਰ ਦੇ ਅਜਿਹੇ ਫੈਸਲੇ ਖਿਲਾਫ ਸੜਕਾਂ ‘ਤੇ ਉੱਤਰ ਕੇ ਵਿਰੋਧ ਜਤਾਇਆ ਜਾਏਗਾ।