ਨਵਾਂਸ਼ਹਿਰ, 28 ਜੂਨ 2023 : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਅੱਜ ਸਵੈ-ਇੱਛੁਕ ਖੁੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਰਸਮੀ ਤੌਰ ‘ਤੇ ਉਦਘਾਟਨ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸਿਹਤਮੰਦ ਲੋਕਾਂ ਨੂੰ ਖੂਨਦਾਨ ਕਰਕੇ ਲੋੜਵੰਦਾਂ ਨੂੰ ‘ਜ਼ਿੰਦਗੀ ਦਾ ਅਨਮੋਲ ਤੋਹਫ਼ਾ’ ਦੇਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਖੂਨ ਦੀ ਇਕ-ਇਕ ਬੂੰਦ ਜ਼ਿੰਦਗੀ ਲਈ ਕੀਮਤੀ ਹੈ। ਕਿਸੇ ਹੋਰ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇੱਕ ਸੇਵਾ ਹੈ। ਹਰ ਸਿਹਤਮੰਦ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਤੱਕ, ਸਰੀਰ ਦਾ ਭਾਰ 45 ਕਿਲੋਗ੍ਰਾਮ ਜਾਂ ਇਸ ਤੋਂ ਵੱਧ, ਐੱਚਬੀ 12 ਗ੍ਰਾਮ, ਕੋਈ ਕਰੌਨਿਕ ਬਿਮਾਰੀ ਨਾ ਹੋਵੇ, ਖੂਨਦਾਨ ਕਰ ਸਕਦਾ ਹੈ, ਹਰ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਭਾਵ ਕਿ ਕੋਈ ਵਿਅਕਤੀ ਸਾਲ ਵਿੱਚ ਚਾਰ ਵਾਰੀ ਖੂਨ ਦੇ ਸਕਦਾ ਹੈ ਅਤੇ ਫਿਰ ਵੀ ਸਿਹਤਮੰਦ ਰਹਿ ਸਕਦਾ ਹੈ।
ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈ। ਇਹ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ, ਬੀਪੀ ਕਾਬੂ ਕਰਦਾ ਹੈ, ਕੋਲੈਸਟਰਲ ਦਾ ਪੱਧਰ ਨੀਵਾਂ ਰਹਿੰਦਾ ਹੈ, ਮੋਟਾਪੇ ‘ਤੇ ਕਾਬੂ ਰਹਿੰਦਾ ਹੈ। ਸੰਖੇਪ ਵਿੱਚ ਇਹ “ਮਾਨਵ ਸੇਵਾ ਦੇ ਨਾਲ ਖੁਦ ਦੀ ਸਿਹਤ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ।
ਡਾ. ਕੌਰ ਨੇ ਕਿਹਾ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਖੂਨਦਾਨ ਦੀ ਲਗਾਤਾਰ ਲੋੜ ਹੈ। ਤੁਹਾਡੇ ਵੱਲੋਂ ਦਾਨ ਕੀਤੇ ਗਏ ਖੂਨ ਨਾਲ ਕਿਸੇ ਵੀ ਵਿਅਕਤੀ ਨੂੰ ਇਲਾਜ, ਜਣੇਪੇ, ਜਾਂ ਸੱਟ ਲੱਗਣ ‘ਤੇ ਪੈਦਾ ਹੋਈ ਖੂਨ ਦੀ ਕਮੀ ਨੂੰ ਪੂਰਾ ਕਰ ਸਕਦੀ ਹੈ। ਖੂਨਦਾਨ ਕਰਨ ਨਾਲ ਕੋਈ ਸਰੀਰਕ ਕਮਜੋਰੀ ਨਹੀਂ ਆਉਂਦੀ, ਬਲਕਿ 24 ਘੰਟੇ ਤੋਂ 7 ਦਿਨ ਦੇ ਅੰਦਰ-ਅੰਦਰ ਕੁਦਰਤੀ ਰੂਪ ਨਾਲ ਸਰੀਰ ਵਿੱਚ ਨਵਾਂ ਖੂਨ ਬਣ ਜਾਂਦਾ ਹੈ। ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਖ਼ੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਆਕਤੀ ਨੂੰ ਜੀਵਨਦਾਨ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ, ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਨੌਜਵਾਨ ਹਰ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਖੇਤਰ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ, ਜੋ ਕਿ ਸੇਵਾ ਨਾਲੋਂ ਵੀ ਵੱਧ ਪੁੰਨ ਦਾ ਕੰਮ ਹੈ। ਹਰ ਖੂਨਦਾਨ ਕਰਨ ਵਾਲਾ ਹੀਰੋ ਹੁੰਦਾ ਹੈ ਅਤੇ ਅਜਿਹੇ ਲੋਕਾਂ ਨੂੰ ਹਰ ਤਿੰਨ ਮਹੀਨੇ ਬਾਅਦ ਲਗਾਤਾਰ ਖੂਨਦਾਨ ਕਰਨਾ ਚਾਹੀਦਾ ਹੈ।