ਨਵਾਂਸ਼ਹਿਰ, 22 ਜੂਨ, 2023 – 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਯੋਗ ਪ੍ਰੋਗਰਾਮ ਤੋਂ ਬਾਅਦ ਐਸ.ਕੇ.ਟੀ ਪਲਾਂਟੇਸ਼ਨ ਟੀਮ ਵੱਲੋਂ ਆਰ.ਕੇ.ਆਰਿਆ ਕਾਲਜ ਦੇ ਵਿਹੜੇ ਵਿੱਚ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਡਾ: ਗੁਰਲੀਨ ਕੌਰ, ਮੈਡਮ ਪਰਮਿੰਦਰ ਕੌਰ ਸਿਵਲ ਜੱਜ (ਸੀਨੀਅਰ ਡਵੀਜ਼ਨ), ਡਾ: ਸਰਬਜੀਤ ਕੌਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਸ੍ਰੀ ਗੁਰਚਰਨ ਅਰੋੜਾ ਪ੍ਰਧਾਨ ਵਪਾਰ ਮੰਡਲ ਨਵਾਂਸ਼ਹਿਰ, ਡਾ: ਅਮਰਪ੍ਰੀਤ ਕੌਰ ਢਿੱਲੋਂ, ਡਾ. .ਪ੍ਰਦੀਪ ਅਰੋੜਾ, ਮਨੋਜ ਕੰਡਾ (ਕਨਵੀਨਰ ਹਰਿਆਵਲ ਪੰਜਾਬ), ਰਾਜਨ ਅਰੋੜਾ (ਪ੍ਰਧਾਨ ਅਰੋੜਾ ਸਭਾ), ਸੁਖਵਿੰਦਰ ਸਿੰਘ ਥਾਂਦੀ (ਪ੍ਰਧਾਨ ਗੁਰੂ ਰਾਮਦਾਸ ਸੇਵਾ ਸੁਸਾਇਟੀ) ਨੇ ਬੂਟੇ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ।
ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਕਿਹਾ ਕਿ ਕਰੋ ਯੋਗ-ਰਹੋ ਨਿਰੋਗ ਦੇ ਮੂਲ ਮੰਤਰ ਨੂੰ ਆਪਣੇ ਦਿਲ ਅਤੇ ਦਿਮਾਗ ਵਿੱਚ ਰੱਖਣ ਨਾਲ ਅਸੀਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਂਦੇ ਹਾਂ। ਯੋਗ ਕਰਨ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਕਰਨ ਦੇ ਨਾਲ-ਨਾਲ ਇਹ ਜ਼ਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਕਿਉਂਕਿ ਜਿੱਥੇ ਯੋਗ ਸਾਨੂੰ ਅੰਦਰੂਨੀ ਤੌਰ ‘ਤੇ ਸ਼ੁੱਧ ਕਰਦਾ ਹੈ, ਉੱਥੇ ਹੀ ਸਾਡੀ ਬਾਹਰੀ ਸ਼ੁੱਧਤਾ ਲਈ ਬੂਟੇ ਲਗਾਉਣੇ ਜ਼ਰੂਰੀ ਹਨ। ਇਸੇ ਲਈ ਹਰ ਸਾਲ ਯੋਗ ਦਿਵਸ ਮੌਕੇ ਐਸ.ਕੇ.ਟੀ ਪਲਾਂਟੇਸ਼ਨ ਟੀਮ ਵੱਲੋਂ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਵੀ ਦਿੱਤਾ ਜਾਂਦਾ ਹੈ। ਇਸ ਵਾਰ ਯੋਗ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਹਿਮਾਨਾਂ ਨੂੰ ਤੋਹਫ਼ੇ ਵਜੋਂ ਬੂਟੇ ਵੀ ਭੇਟ ਕੀਤੇ ਗਏ।
ਸਹਾਇਕ ਕਮਿਸ਼ਨਰ ਡਾ: ਗੁਰਲੀਨ ਕੌਰ ਨੇ ਕਿਹਾ ਕਿ ਕੁਦਰਤ ਦੀ ਸੰਭਾਲ ਲਈ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਯੋਗ ਦਿਵਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਯੋਗ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ | ਰਾਜਨ ਅਰੋੜਾ ਨੇ ਕਿਹਾ ਕਿ ਸਾਡੇ ਸਾਰਿਆਂ ਸਿਰ ਕੁਦਰਤ ਦਾ ਕਰਜ਼ਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਕਰਜ਼ ਨੂੰ ਚੁਕਾਉਣ ਦਾ ਯਤਨ ਕਰਨਾ ਚਾਹੀਦਾ ਹੈ।