ਐਸ ਏ ਐਸ ਨਗਰ, 17 ਜੂਨ ਸਥਾਨਕ ਫੇਜ਼ 1 ਵਿੱਚ ਸਥਿਤ ਐਚ ਈ ਦੇ ਮਕਾਨਾਂ ਵਾਲਿਆਂ ਵਲੋਂ ਮਕਾਨਾਂ ਦੇ ਪਿਛਲੇ ਪਾਸੇ ਪੈਂਦੇ ਪਾਰਕ ਵਾਲੀ ਥਾਂ ਤੇ ਜੰਗਲੇ ਆਦਿ ਲਗਾ ਕੇ ਪੱਕੇ ਤੌਰ ਤੇ ਕੀਤੇ ਕਬਜ਼ੇ ਖਾਲੀ ਕਰਵਾ ਦਿੱਤੇ ਗਏ। ਇਸ ਮੌਕੇ ਨਗਰ ਨਿਗਮ ਦੇ ਐਸ ਡੀ ਉ ਸ੍ਰੀ ਸੰਦੀਪ ਸੈਣੀ ਦੀ ਅਗਵਾਈ ਵਿੱਚ ਪਹੁੰਚੀ ਨਗਰ ਨਿਗਮ ਦੀ ਟੀਮ ਵਲੋਂ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਜੰਗਲੇ ਪੁੱਟ ਦਿੱਤੇ ਗਏ ਅਤੇ ਇਸ ਥਾਂ ਨੂੰ ਖਾਲੀ ਕਰਵਾ ਦਿੱਤਾ ਗਿਆ।
ਫੇਜ਼ 1 ਦੀ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਦੀ ਹਾਜਰੀ ਵਿੱਚ ਕੀਤੀ ਗਈ ਇਸ ਕਾਰਵਾਈ ਦੌਰਾਨ ਸਥਾਨਕ ਵਸਨੀਕਾਂ ਵਲੋਂ ਨਿਗਮ ਦੀ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ ਪਰੰਤੂ ਨਿਗਮ ਕਰਮਚਾਰੀਆਂ ਵਲੋਂ ਇਹਨਾਂ ਕਬਜ਼ਿਆਂ ਨੂੰ ਖਾਲੀ ਕਰਵਾ ਲਿਆ ਗਿਆ। ਇਸ ਮੌਕੇ ਇੱਕ ਵਸਨੀਕ ਵਲੋਂ ਇਹ ਕਹਿ ਕੇ ਕਾਰਵਾਈ ਰੁਕਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਆਮ ਆਦਮੀ ਪਾਰਟੀ ਦਾ ਸਮਰਥਕ ਹੈ ਪਰੰਤੂ ਮੌਕੇ ਤੇ ਹਾਜਿਰ ਕੌਂਸਲਰ ਗੁਰਮੀਤ ਕੌਰ ਨੇ ਕਿਹਾ ਕਿ ਇਹ ਵਿਅਕਤੀ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਪਾਰਟੀ ਨੂੰ ਬਦਨਾਮ ਕਰ ਰਿਹਾ ਹੈ ਅਤੇ ਇਸਦੀ ਗੱਲ ਨਾ ਸੁਣੀ ਜਾਵੇ। ਇਸ ਮੌਕੇ ਕੌਂਸਲਰ ਗੁਰਮੀਤ ਕੌਰ ਅਤੇ ਉਕਤ ਵਸਨੀਕ ਵਿੱਚ ਬਹਿਸ ਵੀ ਹੋਈ। ਉਕਤ ਵਸਨੀਕ ਨੇ ਇਲਜਾਮ ਲਗਾਇਆ ਕਿ ਕੌਂਸਲਰ ਗੁਰਮੀਤ ਕੌਰ ਵਲੋਂ ਆਪਣੇ ਘਰ ਦੇ ਬਾਹਰ ਨਾਜਾਇਜ਼ ਕਬਜਾ ਕੀਤਾ ਗਿਆ ਹੈ ਅਤੇ ਇੱਥੇ ਗਰੀਬ ਮਕਾਨਾਂ ਵਾਲਿਆਂ ਦੇ ਕਬਜੇ ਤੁੜਵਾਏ ਜਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਉਹ ਕਬਜਾ ਵੀ ਖਾਲੀ ਕਰਵਾਇਆ ਜਾਵੇ।
ਇਸ ਮੌਕੇ ਨਗਰ ਨਿਗਮ ਦੇ ਐਸ ਡੀ ਓ ਸz. ਸੰਦੀਪ ਸਿੰਘ ਸੈਣੀ ਨੇ ਕਿਹਾ ਕਿ ਇਸ ਥਾਂ ਤੇ ਚਾਰ ਮਕਾਨਾਂ ਵਾਲਿਆਂ ਵਲੋਂ ਪਾਰਕ ਦੀ ਥਾਂ ਤੇ ਕਬਜ਼ਾ ਕੀਤਾ ਗਿਆ ਸੀ ਅਤੇ ਨਗਰ ਨਿਗਮ ਵਲੋਂ ਇਹਨਾਂ ਸਾਰਿਆਂ ਨੂੰ ਇਹ ਥਾਂ ਆਪਣੇ ਆਪ ਹੀ ਖਾਲੀ ਕਰ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਨੋਟਿਸ ਦਿੱਤੇ ਜਾਣ ਤੋਂ ਬਾਅਦ ਇੱਕ ਵਸਨੀਕ ਵਲੋਂ ਆਪਣਾ ਕਬਜ਼ਾ ਹਟਾ ਦਿੱਤਾ ਗਿਆ ਸੀ ਪਰੰਤੂ ਬਾਕੀ ਦੇ ਵਸਨੀਕਾਂ ਵਲੋਂ ਕਬਜ਼ਾ ਕਾਇਮ ਰੱਖਿਆ ਗਿਆ ਸੀ ਜਿਸਨੂੰ ਅੱਜ ਖਾਲੀ ਕਰਵਾ ਲਿਆ ਗਿਆ ਹੈ।
ਇਸ ਸੰਬੰਧੀ ਗੱਲ ਕਰਨ ਤੇ ਕੌਂਸਲਰ ਗੁਰਮੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਦੀ ਕਾਰਵਾਈ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਅਤੇ ਨਗਰ ਨਿਗਮ ਨੇ ਇਹ ਕਾਰਵਾਈ ਵਸਨੀਕਾਂ ਵਲੋਂ ਕੀਤੀਆਂ ਸ਼ਿਕਾਇਤਾਂ ਦੇ ਆਧਾਰ ਤੇ ਕੀਤੀ ਗਈ ਹੈ। ਆਪਣੇ ਘਰ ਦੇ ਬਾਹਰ ਕਬਜ਼ਾ ਕਰਨ ਸੰਬੰਧੀ ਵਸਨੀਕਾਂ ਦੇ ਇਲਜਾਮ ਬਾਰੇ ਉਹਨਾਂ ਕਿਹਾ ਕਿ ਇਹ ਇਲਜਾਮ ਪੂਰੀ ਤਰ੍ਹਾਂ ਗਲਤ ਹੈ ਅਤੇ ਉਹਨਾਂ ਵਲੋਂ ਕੋਈ ਕਬਜਾ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਕੋਨੇ ਦਾ ਮਕਾਨ ਹੈ ਅਤੇ ਉਹਨਾਂ ਨੇ ਸੜਕ ਦੇ ਨਾਲ 7 ਫੁੱਟ ਫੁਟਪਾਥ ਦੀ ਥਾਂ ਛੱਡੀ ਹੋਈ ਹੈ।