ਐਸ.ਏ.ਐਸ. ਨਗਰ, 16 ਜੂਨ -ਮੇਨ ਮਾਰਕੀਟ ਐਸੋਸ਼ੀਏਸ਼ਨ ਫੇਜ਼-5 ਦੀ ਇੱਕ ਮੀਟਿੰਗ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਜਪਾਲ ਸਿੰਘ ਚੌਧਰੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਮਾਰਕੀਟ ਦੇ ਦੁਕਾਨਦਾਰਾਂ ਨੂੰ ਦਰਪੇਸ਼ ਮੁੱਦਿਆਂ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਦੁਕਾਨਦਾਰਾਂ ਨੇ ਰੋਸ ਜਾਹਿਰ ਕੀਤਾ ਕਿ ਪ੍ਰਸ਼ਾਸ਼ਨ ਵਲੋਂ ਮਾਰਕੀਟ ਵਿੱਚ ਡੇਰਾ ਜਮਾ ਕੇ ਬੈਠੇ ਭਿਖਾਰੀਆਂ ਦੀ ਸਮੱਸਿਆ ਦੇ ਹਲ ਲਈ ਕੁੱਝ ਨਹੀਂ ਕੀਤਾ ਜਾਂਦਾ। ਇਸ ਮੌਕੇ ਸz. ਰਾਜਪਾਲ ਸਿੰਘ ਨੇ ਕਿਹਾ ਕਿ ਮੀਟਿੰਗ ਦਾ ਅਹਿਮ ਮੁੱਦਾ ਭਿਖਾਰੀਆਂ ਦੁਆਰਾ ਲੋਕਾਂ ਨੂੰ ਆਏ ਦਿਨ ਪਰੇਸ਼ਾਨ ਕੀਤੇ ਜਾਣ ਦਾ ਹੈ। ਉਹਨਾਂ ਕਿਹਾ ਕਿ ਮਾਰਕੀਟ ਵਿੱਚ ਲਗਾਤਾਰ ਵੱਧਦੀ ਭਿਖਾਰੀਆਂ ਦੀ ਗਿਣਤੀ ਕਾਰਨ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਹੋ ਚੁੱਕੇ ਹਨ। ਇਹ ਭਿਖਾਰੀ ਛੋਟਾ ਮੋਟਾ ਸਾਮਾਨ ਵੇਚਣ ਦੇ ਬਹਾਨੇ ਦੁਕਾਨਾਂ ਦੇ ਅੱਗੇ ਬੈਠਕੇ ਆਉਣ ਜਾਣ ਵਾਲੇ ਲੋਕਾਂ ਤੋਂ ਪੈਸੇ, ਖਾਣ ਪੀਣ ਦਾ ਸਮਾਨ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਮੰਗ ਕਰਦੇ ਹਨ।
ਦੁਕਾਨਦਾਰਾਂ ਨੇ ਕਿਹਾ ਕਿ ਅੱਜ ਕੱਲ ਦੀ ਭੱਜਦੌੜ ਵਾਲੀ ਜਿੰਦਗੀ ਵਿੱਚ ਜਿੱਥੇ ਲੋਕਾਂ ਕੋਲ ਸਮੇਂ ਦੀ ਪਹਿਲਾਂ ਹੀ ਕਮੀ ਹੈ, ਇਹ ਭਿਖਾਰੀ ਉਹਨਾਂ ਦਾ ਰਸਤਾ ਰੋਕ ਕੇ ਖੜ੍ਹ ਜਾਂਦੇ ਹਨ ਅਤੇ ਉਹਨਾਂ ਨੂੰ ਪਰੇਸ਼ਾਨ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਹਨਾਂ ਭਿਖਾਰੀਆਂ ਨੂੰ ਪੈਸੇ ਨਹੀਂ ਦਿੰਦਾ ਜਾਂ ਇਹਨਾਂ ਨੂੰ ਝਿੜਕਦਾ ਹੈ ਤਾਂ ਇਹ ਲੋਕ ਦੁਕਾਨਦਾਰਾਂ ਦੀਆਂ ਗੱਡੀਆਂ ਦੇ ਸ਼ੀਸੇ ਤੋੜ ਦਿੰਦੇ ਹਨ।
ਦੁਕਾਨਦਾਰਾਂ ਨੇ ਕਿਹਾ ਕਿ ਇਹਨਾਂ ਭਿਖਾਰੀਆਂ ਦੀ ਹਿੰਮਤ ਇੰਨੀ ਵੱਧ ਗਈ ਹੈ ਕਿ ਲੋਕਾਂ ਦੇ ਪਿੱਛੇ ਪਿੱਛੇ ਇਹ ਦੁਕਾਨਾਂ ਦੇ ਅੰਦਰ ਵੜ੍ਹ ਕੇ ਖਾਣ ਦੀਆਂ ਚੀਜ਼ਾਂ ਮੰਗਦੇ ਹਨ ਅਤੇ ਆਮ ਲੋਕਾਂ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਪਰੇਸ਼ਾਨ ਕਰਦੇ ਹਨ।
ਮੀਟਿੰਗ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਮਾਰਕੀਟ ਦੀ ਪਾਰਕਿੰਗ ਦੀ ਮਾੜੀ ਹਾਲਤ ਅਤੇ ਮਾਰਕੀਟ ਵਿੰਚ ਅੰਦਰ ਦਾਖਿਲ ਹੋਣ ਵਾਲੀ ਥਾਂ ਦੀ ਸੜਕ ਟੁੱਟੀ ਹੋਈ ਹੋਣ ਕਾਰਨ ਵੀ ਇਥੋਂ ਦੇ ਦੁਕਾਨਦਾਰ ਅਤੇ ਆਮ ਜਨਤਾ ਪਰੇਸ਼ਾਨ ਹੈ। ਦੁਕਾਨਦਾਰਾਂ ਨੇ ਮਾਰਕੀਟ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹਲ ਦੀ ਵੀ ਮੰਗ ਕੀਤੀ।
ਸz. ਰਾਜਪਾਲ ਸਿੰਘ ਨੇ ਕਿਹਾ ਕਿ ਇਹਨਾਂ ਸਮੱਸਿਆਵਾਂ ਦੇ ਹਲ ਲਈ ਉਹ ਕਈ ਵਾਰ ਪੁਲੀਸ ਥਾਣੇ, ਐਸ. ਡੀ. ਐਮ ਮੁਹਾਲੀ ਅਤੇ ਵਾਰਡ ਦੇ ਕੌਸਲਰ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਅੱਜ ਤੱਕ ਉਹਨਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਤਨਾਮ ਸਿੰਘ, ਜਨਰਲ ਸਕੱਤਰ ਜਸਵਿੰਦਰ ਸਿੰਘ, ਖਜਾਂਚੀ ਅਮਰਜੀਤ ਸਿੰਘ ਨਾਗਪਾਲ, ਸੀ. ਕੇ. ਸਿੰਘ, ਹਰਜੀਤ ਪ੍ਰਿੰਟਿਗ ਪ੍ਰੈਸ, ਜਗਜੀਤ ਸਿੰਘ, ਹਰਜੀਤ ਸਿੰਘ, ਆਰ. ਕੇ. ਜੈਨ, ਕ੍ਰਿਸ਼ਨ ਸਿੰਘ, ਸੰਜੇ ਚੋਪੜਾ, ਸੁਖਦੇਵ ਸਿੰਘ, ਅਨੀਸ਼, ਹਰਪ੍ਰੀਤ ਲਾਡੀ, ਕੁਲਵੀਰ ਸਿੰਘ, ਮਨੀ, ਪਰਮਜੀਤ ਸਿੰਘ ਭਾਟੀਆ ਅਤੇ ਹੋਰ ਦੁਕਾਨਦਾਰ ਹਾਜਿਰ ਸਨ।