ਐਸ.ਏ.ਐਸ.ਨਗਰ, 15 ਜੂਨ, 2023: ਉਦਯੋਗਿਕ ਵਸਤਾਂ ਅਤੇ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਡੀ ਸੀ ਅਸ਼ਿਕਾ ਜੈਨ ਨੇ ਉਦਯੋਗਾਂ ਦੀਆਂ ਸਾਰੀਆਂ ਨਿਰਯਾਤ ਲੋੜਾਂ ਨੂੰ ਪੂਰਾ ਕਰਨ ਲਈ ਸਿੰਗਲ ਪਲੇਟਫਾਰਮ, ਇਨਵੈਸਟ ਪੰਜਾਬ ਪੋਰਟਲ ਦੀ ਵੱਧ ਤੋਂ ਵੱਧ ਵਰਤੋਂ ‘ਤੇ ਜ਼ੋਰ ਦਿੱਤਾ।
ਅੱਜ ਇੱਥੇ ਜ਼ਿਲ੍ਹਾ ਪੱਧਰੀ ਨਿਰਯਾਤ ਪ੍ਰਮੋਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਨੇ ਸਰਕਾਰ ਅਤੇ ਬਰਾਮਦਕਾਰਾਂ ਨਾਲ ਸਬੰਧਤ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨ ਅਤੇ ਸੁਹਿਰਦ ਹੱਲ ਲੱਭਣ ਲਈ ਇੱਕ ਪਲੇਟਫਾਰਮ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਇਹ ਵੀ ਯਕੀਨ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਭਵਿੱਖ ਵਿੱਚ ਬਰਾਮਦਕਾਰਾਂ ਨੂੰ ਹਮੇਸ਼ਾ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਏਗਾ ਜਿਸ ਨਾਲ ਆਰਥਿਕਤਾ ਦੇ ਸਮੁੱਚੇ ਵਿਕਾਸ ਵਿੱਚ ਮਦਦ ਮਿਲੇਗੀ।
ਸੰਦੀਪ ਰਾਜੌਰੀਆ, (ਆਈ.ਟੀ.ਐਸ.), ਸਹਾਇਕ ਡਾਇਰੈਕਟਰ ਜਨਰਲ, ਡੀ.ਜੀ.ਐਫ.ਟੀ. (ਡਾਇਰੈਕਟਰ ਜਨਰਲ ਵਿਦੇਸ਼ੀ ਵਪਾਰ), ਲੁਧਿਆਣਾ ਨੇ ਬਰਾਮਦਕਾਰਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ। ਆਯਾਤਕ-ਨਿਰਯਾਤਕ ਕੋਡਾਂ, ਉਤਪਾਦਾਂ ਲਈ ਐਚ ਐਸ ਐਨ ਕੋਡਾਂ ਦੀ ਪਛਾਣ, ਨਿਰਯਾਤ ਨੀਤੀ ਦਸਤਾਵੇਜ਼ ਅਤੇ ਲਾਇਸੈਂਸ ਆਦਿ ‘ਤੇ ਉਨ੍ਹਾਂ ਵੱਲੋਂ ਦਿੱਤੀ ਵਡਮੁੱਲੀ ਜਾਣਕਾਰੀ ਦਾ ਨਿਰਯਾਤਕਾਰਾਂ ਦੁਆਰਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਬਰਾਮਦਕਾਰਾਂ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਵਪਾਰ ਲਈ ਨਵੀਨਤਮ ਡੇਟਾ ਤੱਕ ਪਹੁੰਚ ਕਰਨ ਲਈ trade map.org, ਇੰਡੀਅਨ ਟ੍ਰੇਡ ਪੋਰਟਲ, dgft.gov.in ਵਰਗੀਆਂ ਵੈਬਸਾਈਟਾਂ ਦੀ ਵਰਤੋਂ ਕਰਨ।ਉਨ੍ਹਾਂ ਇਹ ਵੀ ਕਿਹਾ ਕਿ ਹੁਣ ਨਿਰਯਾਤ ਕਾਰੋਬਾਰ ਸ਼ੁਰੂ ਕਰਨ ਲਈ ਹਰ ਲੋੜੀਂਦੀ ਇਜਾਜ਼ਤ ਆਨਲਾਈਨ ਹੈ ਜੋ ਬਰਾਮਦਕਾਰਾਂ ਲਈ ਬਹੁਤ ਮਦਦਗਾਰ ਹੈ।
ਐਸ ਏ ਐਸ ਨਗਰ ਦੇ ਲੀਡ ਜ਼ਿਲ੍ਹਾ ਮੈਨੇਜਰ ਐਮ ਕੇ ਭਾਰਦਵਾਜ ਨੇ ਵੀ ਜ਼ਿਲ੍ਹੇ ਵਿੱਚ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਬੈਂਕਿੰਗ ਖੇਤਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਐਸ ਏ ਐਸ ਨਗਰ, ਅਰਸ਼ਜੀਤ ਸਿੰਘ ਨੇ ਨਿਰਯਾਤਕਾਂ ਨੂੰ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2022 (ਪੰਜਾਬ) ਤਹਿਤ ਪ੍ਰੋਤਸਾਹਨ ਬਾਰੇ ਜਾਣੂ ਕਰਵਾਇਆ।