ਸਰੀ 7 ਜੂਨ 2023-ਬੈਂਕ ਆਫ ਕੈਨੇਡਾ ਨੇ ਅੱਜ ਆਪਣੀ ਮੁੱਖ ਵਿਆਜ ਦਰ ਵਿਚ 0.25 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ ਅਤੇ ਇਸ ਵਾਧੇ ਨੇ ਆਰਥਿਕ ਮਾਹਰਾਂ ਨੂੰ ਹੈਰਾਨ ਕਰ ਦਿੱਤਾ। ਹੁਣ ਬੈਂਕ ਦੀ ਵਿਆਜ ਦਰ 4.75 ਪ੍ਰਤੀਸ਼ਤ ਹੋ ਗਈ ਹੈ।
ਇਹ ਵਾਧਾ ਕਰ ਕੇ ਕੇਂਦਰੀ ਬੈਂਕ ਨੇ ਬੇਰੋਕ ਵਧ ਰਹੀ ਮਹਿੰਗਾਈ, ਇੱਕ ਲਚਕੀਲੇ ਕੈਨੇਡੀਅਨ ਅਰਥਚਾਰੇ ਅਤੇ ਕੈਨੇਡਾ ਦੀ ਹਾਊਸਿੰਗ ਮਾਰਕੀਟ ਦੇ ਗਰਮ ਹੋਣ ਵੱਲ ਵੀ ਇਸ਼ਾਰਾ ਕੀਤਾ ਕਿਉਂਕਿ ਬਸੰਤ ਰੁੱਤ ਦੌਰਾਨ ਵਧੇਰੇ ਘਰੇਲੂ ਖਰੀਦਦਾਰ ਬਾਹਰ ਆ ਗਏ ਸਨ।
ਬੇਸ਼ੱਕ ਵਾਧੇ ਦਾ ਫੈਸਲਾ ਹੈਰਾਨੀਜਨਕ ਹੈ ਪਰ ਬਹੁਤ ਸਾਰੇ ਅਰਥਸ਼ਾਸਤਰੀਆਂ ਅਨੁਸਾਰ ਕੇਂਦਰੀ ਬੈਂਕ ਅਗਲੇ ਮਹੀਨੇ ਇਕ ਵਾਰ ਫੇਰ ਵਾਧਾ ਕਰੇਗਾ ਅਤੇ ਇਸ ਸੰਬੰਧ ਵਿਚ ਬੈਂਕ ਦੀ 12 ਜੁਲਾਈ ਦੀ ਮੀਟਿੰਗ ਮਹੱਤਵਪੂਰਨ ਹੋਵੇਗੀ। ਰਾਇਲ ਬੈਂਕ ਆਫ ਕੈਨੇਡਾ ਦੇ ਅਰਥ ਸ਼ਾਸਤਰੀ ਜੋਸ਼ ਨਾਈ ਨੇ ਕਿਹਾ ਹੈ ਕਿ ਇਸ ਵਾਧੇ ਨੇ ਆਮ ਲੋਕਾਂ ਦੀਆਂ ਉਮੀਦਾਂ ਅਤੇ ਅਰਥ ਸ਼ਾਸ਼ਤਰੀਆਂ ਨੂੰ ਹੈਰਾਨ ਕਰ ਦਿੱਤਾ ਹੈ।