ਫ਼ਿਰੋਜ਼ਪੁਰ 19 ਜੂਨ 2020 : ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ ਏਡਿਪ ਸਕੀਮ ਤਹਿਤ ਸ਼ੁੱਕਰਵਾਰ ਨੂੰ ਫ਼ਿਰੋਜ਼ਪੁਰ ਸ਼ਹਿਰ ਦੇ ਗਰੈਂਡ ਹੋਟਲ ਵਿਖੇ ਅਪਾਹਜਾਂ ਨੂੰ ਬਨਾਵਟੀ ਅੰਗ ਅਤੇ ਟਰਾਈਸਾਇਕਲ ਵੰਡਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸ੍ਰੀਮਤੀ ਇੰਦਰਜੀਤ ਕੌਰ ਖੋਸਾ ਪਤਨੀ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐਮ ਫ਼ਿਰੋਜ਼ਪੁਰ ਸ੍ਰੀ.ਅਮਿੱਤ ਗੁਪਤਾ, ਸ੍ਰੀ.ਅਨੀਰੁੱਧ ਗੁਪਤਾ ਸੀ.ਈ.ਓ ਡੀ.ਸੀ .ਐਮ ਗਰੁੱਪ ਵੀ ਹਾਜ਼ਰ ਸਨ। ਇਸ ਕੈਪ ਵਿਚ 269 ਦਿਵਿਆਂਗ ਵਿਅਕਤੀਆਂ ਨੂੰ 466 ਉਪਕਰਨ ਮੁਹੱਈਆ ਕਰਵਾਏ ਗਏ।
ਇਸ ਮੌਕੇ ਸ੍ਰੀਮਤੀ ਇੰਦਰਜੀਤ ਕੌਰ ਖੋਸਾ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦਿਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਚਲਾਉਣਾ ਅੱਜ ਕੱਲ੍ਹ ਦੀ ਜ਼ਿੰਦਗੀ ਵਿਚ ਬਹੁਤ ਮੁਸ਼ਕਿਲ ਹੈ ਅਤੇ ਉਨ੍ਹਾਂ ਸਕੱਤਰ ਰੈੱਡ ਕਰਾਸ ਨੂੰ ਕਿਹਾ ਕਿ ਸਮਾਜਿਕ ਨਿਆਂ ਅਧਿਕਾਰਤ ਮੰਤਰਾਲਿਆਂ ਨਾਲ ਤਾਲਮੇਲ ਕਰਕੇ ਹਰ ਇੱਕ ਦਿਵਿਆਂਗ ਵਿਅਕਤੀਆਂ ਨੂੰ ਮੋਟਰਾਇਜ਼ ਟਰਾਈ ਸਾਈਕਲ ਦਿਵਾਏ ਜਾਣ। ਉਨ੍ਹਾਂ ਅੱਗੇ ਦੱਸਿਆ ਕਿ ਜੋ ਅੱਜ ਉਪਕਰਨ ਵੰਡੇ ਜਾ ਰਹੇ ਹਨ ਉਨ੍ਹਾਂ ਦੀ ਕੀਮਤ ਕਰੀਬ 47.35 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਅੰਦਰ ਕੋਈ ਵੀ ਦਿਵਿਆਂਗ ਵਿਅਕਤੀ ਸਹੂਲਤਾਂ ਤੋ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕੋਰੋਨਾ ਵਾਇਰਸ (ਕੋਵਿਡ-19) ਦੀ ਮਹਾਂਮਾਰੀ ਤੋ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲ਼ਨਾ ਕਰਨ ਲਈ ਵੀ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਨੇ ਦੱਸਿਆ ਕਿ ਅੱਜ ਦਿਵਿਆਂਗ ਵਿਅਕਤੀਆਂ ਨੂੰ 61 ਮੋਟਰਾਇਜ਼ ਟਰਾਈ ਸਾਈਕਲ, 69 ਟਰਾਈ ਸਾਈਕਲ, 52 ਵੀਲ ਚੇਅਰ, 57 ਕੰਨਾਂ ਦੀਆਂ ਮਸ਼ੀਨਾਂ, 22 ਸਮਾਰਟ ਫ਼ੋਨ, 26 ਸਮਾਰਟ ਕੈਨ ਆਦਿ ਉਪਕਰਨਾਂ ਦੀ ਵੰਡ ਕੀਤੀ ਗਈ ਹੈ। ਇਸ ਮੌਕੇ ਸਤਪਾਲ ਖੇੜਾ, ਮਹਿੰਦਰਪਾਲ ਬਜਾਜ, ਏ.ਸੀ ਚਾਵਲਾ, ਦੀਵਾਨ ਚੰਦ ਸੁਖੀਜਾ, ਮਦਨ ਲਾਲ ਤਿਵਾੜੀ ਸਮਾਜ ਸੇਵਕ ਹਾਜ਼ਰ ਸਨ।