ਅੰਮ੍ਰਿਤਸਰ, 3 ਜੂਨ – ਬੀਤੀ ਰਾਤ ਡੇਢ ਵਜੇ ਦੇ ਕਰੀਬ ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਵਲੋਂ ਸੂਬੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਚੌਕਸ ਹੋਈ ਪੁਲੀਸ ਫੋਰਸ ਵਲੋਂ ਇਸ ਪੂਰੇ ਖੇਤਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਪਰੰਤੂ ਅਜਿਹਾ ਕੁੱਝ ਨਹੀਂ ਮਿਲਿਆ ਹੈ। ਇਸ ਦੌਰਾਨ ਪੁਲੀਸ ਵਲੋਂ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚ ਤਿੰਨ ਨਾਬਾਲਗ ਦੱਸੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਡੇਢ ਵਜੇ ਦੇ ਕਰੀਬ ਪੁਲੀਸ ਨੂੰ ਕੰਟਰੋਲ ਰੂਮ ਤੇ ਸੂਚਨਾ ਮਿਲੀ ਕਿ ਦਰਬਾਰ ਸਾਹਿਬ ਦੇ ਨੇੜੇ ਬੰਬ ਰੱਖੇ ਗਏ ਹਨ। ਇਹ ਸੂਚਨਾ ਕਿਸੇ ਵੱਲੋਂ ਫੋਨ ਕਰਕੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲੀਸ ਹਰਕਤ ਵਿੱਚ ਆ ਗਈ ਅਤੇ ਪੁਲੀਸ ਵੱਲੋਂ ਇਸ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸਵੇਰੇ 4 ਵਜੇ ਤੱਕ ਘਰ-ਘਰ ਜਾ ਕੇ ਤਲਾਸ਼ੀ ਲਈ ਗਈ ਪਰ ਬੰਬ ਕਿਧਰੇ ਨਹੀਂ ਮਿਲਿਆ। ਇਸ ਦੌਰਾਨ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਵੀ ਸੱਦਿਆ ਗਿਆ ਪਰ ਪੁਲੀਸ ਨੂੰ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
ਇਸ ਦੌਰਾਨ ਪੁਲੀਸ ਵਲੋਂ ਫੋਨ ਕਰਨ ਵਾਲੇ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੂਚਨਾ ਦੇਣ ਵਾਲੇ ਚਾਰ ਵਿਅਕਤੀ ਹਨ, ਜਿਨ੍ਹਾਂ ਵਿੱਚ ਤਿੰਨ ਬੱਚੇ ਹਨ। ਫਿਲਹਾਲ ਪੁਲੀਸ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਨੂੰ ਕਿਸੇ ਅਣਪਛਾਤੇ ਨੇ ਫੋਨ ਕਰਕੇ ਸੂਚਨਾ ਦਿੱਤੀ ਸੀ ਕਿ ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਚਾਰ ਬੰਬ ਰੱਖੇ ਹੋਏ ਹਨ। ਸੂਚਨਾ ਦੇਣ ਤੋਂ ਬਾਅਦ ਉਸ ਨੇ ਫੋਨ ਕੱਟ ਦਿੱਤਾ। ਪੁਲੀਸ ਨੇ ਫੋਨ ਕਰਨ ਵਾਲੇ ਨੂੰ ਮੁੜ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸਤੋਂ ਬਾਅਦ ਕੰਟਰੋਲ ਰੂਮ ਵੱਲੋਂ ਇਹ ਜਾਣਕਾਰੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਪੁਲੀਸ ਨੇ ਤੜਕੇ ਕੰਪਲੈਕਸ ਦੇ ਦੁਆਲੇ ਦੇ ਸਾਰੇ ਇਲਾਕੇ ਦੀ ਘੇਰਾਬੰਦੀ ਕਰਕੇ ਇਲਾਕੇ ਦੀ ਮੁਕੰਮਲ ਜਾਂਚ ਕੀਤੀ ਹੈ ਪਰ ਕੁਝ ਵੀ ਨਹੀਂ ਮਿਲਿਆ।