ਬਾਲਟਿਮੋਰ, 27 ਮਾਰਚ – ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ਵਿੱਚ ਪੈਟਾਪਸਕੋ ਨਦੀ ਤੇ ਬਣਿਆ ਇਤਿਹਾਸਕ ਫਰਾਂਸਿਸ ਸਕਾਟ ਬ੍ਰਿਜ ਇਕ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਨਦੀ ਵਿੱਚ ਡਿੱਗ ਗਿਆ। ਇਸ ਹਾਦਸੇ ਤੋਂ ਬਾਅਦ ਲਾਪਤਾ 6 ਵਿਅਕਤੀਆਂ ਦੀ ਮੌਤ ਹੋ ਗਈ ਮੰਨੀ ਜਾ ਰਹੀ ਹੈ। ਯੂਐਸ ਕੋਸਟ ਗਾਰਡ ਦਾ ਕਹਿਣਾ ਹੈ ਕਿ ਬਾਲਟੀਮੋਰ ਵਿੱਚ ਇੱਕ ਪੁਲ ਢਹਿ ਜਾਣ ਤੋਂ ਬਾਅਦ ਲਾਪਤਾ ਛੇ ਵਿਅਕਤੀਆਂ ਦੀ ਭਾਲ ਮੁਅੱਤਲ ਕਰ ਦਿੱਤੀ ਗਈ ਹੈ। ਰੀਅਰ ਐਡਮਿਰਲ ਸ਼ੈਨਨ ਗਿਲਰੇਥ ਨੇ ਕਿਹਾ ਕਿ ਅਸੀਂ ਇਸ ਤਲਾਸ਼ੀ ਮੁਹਿੰਮ ਨੂੰ ਰੋਕ ਦਿੱਤਾ ਹੈ। ਹੁਣ ਹਾਦਸੇ ਤੋਂ ਬਾਅਦ ਲਾਪਤਾ ਛੇ ਵਿਅਕਤੀਆਂ ਦੇ ਜ਼ਿੰਦਾ ਹੋਣ ਦੀ ਉਮੀਦ ਘੱਟ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਲਟੀਮੋਰ ਦੇ ਫਰਾਂਸਿਸ ਸਕਾਟ ਬ੍ਰਿਜ ਨਾਲ ਮਾਲਵਾਹਕ ਜਹਾਜ਼ ਦੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਕਈ ਲੋਕ ਅਤੇ ਕਾਰਾਂ ਨਦੀ ਵਿੱਚ ਡਿੱਗ ਗਈਆਂ ਸਨ। ਮੈਰੀਲੈਂਡ ਦੇ ਗਵਰਨਰ ਵੇਸ ਮੂਰ ਮੁਤਾਬਕ ਮਾਲਵਾਹਕ ਜਹਾਜ਼ ਦੇ ਡਰਾਈਵਰ ਨੇ ਹਾਦਸੇ ਤੋਂ ਪਹਿਲਾਂ ਵੀ ਮਦਦ ਮੰਗੀ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਿਜਲੀ ਦੀ ਖਰਾਬੀ ਕਾਰਨ ਮਾਲਵਾਹਕ ਜਹਾਜ਼ ਪੁਲ ਨਾਲ ਟਕਰਾ ਗਿਆ ਹੋਵੇਗਾ। ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਬਾਲਟੀਮੋਰ ਬ੍ਰਿਜ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਭਿਆਨਕ ਹਾਦਸਾ ਸੀ। ਸਾਡੀਆਂ ਦੁਆਵਾਂ ਇਸ ਹਾਦਸੇ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਨਾਲ ਹਨ।
ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਬਾਲਟੀਮੋਰ ਦੀ ਬੰਦਰਗਾਹ ਵਿੱਚ ਜਹਾਜ਼ ਦੀ ਆਵਾਜਾਈ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਗਈ ਹੈ।