ਗੁਰਦਾਸਪੁਰ, 1 ਜੂਨ 2023- ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀ ਅਧਿਕਾਰ ਐਕਟ-2016 ਰਾਹੀਂ ਦਿਵਿਆਂਗਜਨ ਨੂੰ ਉਹਨਾਂ ਦੇ ਹੱਕਾਂ ਦੀ ਰਾਖੀ ਅਤੇ ਭਲਾਈ ਲਈ ਵੱਖ-ਵੱਖ ਸੁਵਿਧਾਵਾਂ/ਵਿਵਸਥਾਵਾਂ ਦਾ ਉਪਬੰਧ ਕੀਤਾ ਗਿਆ ਹੈ। ਇਸ ਐਕਟ ਅਧੀਨ 06 ਸਾਲ ਤੋਂ 18 ਸਾਲ ਦੀ ਉਮਰ ਤੱਕ ਦੇ ਹਰ ਇਕ ਦਿਵਿਆਂਗ ਬੱਚੇ ਨੂੰ ਸਰਕਾਰੀ ਸਕੂਲਾਂ ਜਾਂ ਸ਼ਪੈਸ਼ਲ ਸਕੂਲਾਂ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਦਾਖਲੇ ਅਤੇ ਮੁਫਤ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਨੇ ਸਰਕਾਰੀ ਵਿੱਦਿਅਕ ਸੰਸਥਾਵਾਂ ਵਿਚ ਦਿਵਿਆਂਗ ਬੱਚਿਆਂ ਲਈ 5 ਪ੍ਰਤੀਸ਼ਤ ਸੀਟਾਂ ਰਿਜ਼ਰਵ ਹਨ ਅਤੇ ਦਾਖਲੇ ਲਈ ਉਪਰਲੀ ਸੀਮਾ ਵਿਚ 5 ਸਾਲ ਦੀ ਛੋਟ ਹੈ। ਇਸਦੇ ਨਾਲ ਹੀ ਖੇਡਾਂ ਅਤੇ ਮੰਨੋਰੰਜਨ ਕਿਰਿਆਵਾਂ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਭਾਗ ਲੈਣ ਦੀ ਸੁਵਿਧਾ ਹੈ ਅਤੇ ਉਹਨਾਂ ਨੂੰ ਲੋੜ ਅਨੁਸਾਰ ਸਹੂਲਤਾਂ ਅਤੇ ਰਿਹਾਇਸ ਦਾ ਪ੍ਰਬੰਧ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸੁਣਨ, ਬੋਲਣ ਜਾਂ ਦੇਖਣ ਤੋਂ ਅਸਮਰੱਥ ਵਿਦਿਆਰਥੀਆਂ ਨੂੰ ਉੱਚਿਤ ਭਾਸ਼ਾ ਅਤੇ ਸੰਚਾਰ ਤੋਂ ਸਹੀ ਮਾਧਿਆਮ ਰਾਹੀਂ ਪੜ੍ਹਾਉਣਾ, 18 ਸਾਲ ਦੀ ਉਮਰ ਤੱਕ ਉਹਨਾਂ ਦੀ ਪੜ੍ਹਾਈ ਲਈ ਮੁਫ਼ਤ ਸਿੱਖਣ ਸਮੱਗਰੀ, ਵਿਸ਼ੇਸ਼ ਸਿੱਖਿਅਕ, ਵਜੀਫੇ ਦੀ ਸਹੂਲਤ ਅਤੇ ਸਹਾਈ ਯੰਤਰ ਰਾਹੀਂ ਦੀ ਸੁਵਿਧਾ ਹੈ। ਇਸ ਤੋਂ ਇਲਾਵਾ ਇਮਤਹਾਨ ਦੇਣ ਸਮੇ ਸਾਰੇ ਦਿਵਿਆਂਗ ਵਿਦਿਆਰਥੀਆਂ ਨੂੰ ਵਿਸੇਸ਼ ਸਹੂਲਤਾਂ ਜਿਵੇਂ ਵਾਧੂ ਸਮਾਂ, ਦੂਜੀ/ਤੀਜੀ ਭਾਸ਼ਾ ਵਿਚ ਛੋਟ ਅਤੇ ਮੁਫਤ ਲਿਖਾਰੀ ਦੀ ਸੁਵਿਧਾ ਹੈ।