ਮਾਨਸਾ, 10 ਸਤੰਬਰ -ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਨੇ ਇਕ ਤਹਿਸੀਲ ਭਲਾਈ ਅਫ਼ਸਰ ਕੁਲਦੀਪ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਦੇ ਉਪ ਕੁਪਤਾਨ ਪੁਲੀਸ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਦੱਈ ਪ੍ਰੇਮ ਸਿੰਘ ਵਾਸੀ ਪਿੰਡ ਖਿਆਲੀ ਚਹਿਲਾਂਵਾਲੀ ਨੇ ਦਫ਼ਤਰ ਵਿਜੀਲੈਂਸ ਬਿਊਰੋ ਮਾਨਸਾ ਵਿਖੇ ਤਹਿਸੀਲ ਭਲਾਈ ਅਫ਼ਸਰ ਕੁਲਦੀਪ ਸਿੰਘ ਦੇ ਖਿਲਾਫ ਦੋਸ਼ ਲਗਾਇਆ ਕਿ ਉਹ ਅਨੂਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੈ ਅਤੇ ਉਸਦਾ ਪੁੱਤਰ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸਦੇ ਪਰਿਵਾਰ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਵਿਚੋਂ 3 ਲੱਖ ਰੁਪਏ ਦੀ ਬਾਕੀ ਰਹਿੰਦੀ ਰਕਮ ਦਾ ਚੈੱਕ ਜਾਰੀ ਕਰਵਾਉਣ ਬਦਲੇ 30000/- ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਉਸਨੇ ਦੱਸਿਆ ਕਿ ਇਸ ਵਿੱਚੋਂ 7000/- ਰੁਪਏ ਪਹਿਲਾਂ ਅਤੇ ਬਾਕੀ ਰਹਿੰਦੀ ਰਕਮ ਚੈੱਕ ਜਾਰੀ ਹੋਣ ਤੋਂ ਬਾਅਦ ਲੈਣ ਦਾ ਸੌਦਾ ਤਹਿ ਹੋਇਆ ਸੀ, ਜਿਸ ਮੁਤਾਬਕ ਕੁਲਦੀਪ ਸਿੰਘ ਨੂੰ 7 ਹਜ਼ਾਰ ਰੁਪਏ ਦੀ ਰਕਮ ਅੱਜ ਦਿੱਤੀ ਜਾਣੀ ਸੀ।
ਡੀ. ਐਸ. ਪੀ. ਵਿਜੀਲੈਂਸ ਨੇ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਉਕਤ ਤਹਿਸੀਲ ਭਲਾਈ ਅਫ਼ਸਰ ਕੁਲਦੀਪ ਸਿੰਘ ਵਿਰੁੱਧ ਮੁਕਦਮਾ ਨੰਬਰ 12, ਮਿਤੀ 09-09-2021, ਅਧੀਨ ਧਾਰਾ 7 ਪੀ. ਸੀ. ਐਕਟ 1988 ਐਜ ਅਮੈਡਿਡ ਬਾਏ ਐਕਟ-2018 ਅਤੇ 120-ਬੀ, ਆਈ. ਪੀ. ਸੀ. ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਦਰਜ ਕਰਕੇ ਕਸੂਰਵਾਰ ਨੂੰ ਸਰਕਾਰੀ ਗਵਾਹਾਂ ਦੀ 7000/- ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਹੈ। ਉਨ੍ਹਾਂ ਦੱਸਿਆ ਕਿ ਮੁਕਦਮੇ ਦੀ ਤਫਤੀਸ਼/ਅਗਲੀ ਕਾਰਵਾਈ ਆਰੰਭ ਦਿੱਤੀ ਹੈ।