ਚੰਡੀਗੜ੍ਹ 17 ਜਨਵਰੀ 2022- ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੇ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਹੈ। ਕੋਈ ਨਸ਼ਾ ਖਤਮ ਕਰਨ ਦੇ ਬਹਾਨੇ ਡੇਰੇ ਦਾ ਸਹਾਰਾ ਲੈਣ ਆ ਰਿਹਾ ਹੈ ਤੇ ਕੋਈ ਆਪਣੀ ਰਿਸ਼ਤੇਦਾਰੀ ਕਾਰਨ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਮੰਗਣ ਆਇਆ ਹੈ। ਡੇਰਾ ਮੁਖੀ ਸਾਧਵੀ ਜਿਨਸੀ ਸ਼ੋਸ਼ਣ ਕੇਸ, ਪੱਤਰਕਾਰ ਛਤਰਪਤੀ ਅਤੇ ਰਣਜੀਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਇਸਦੇ ਬਾਵਜੂਦ ਡੇਰੇ ਦਾ ਪ੍ਰਭਾਵ ਉਸੇ ਤਰਾਂ ਹੀ ਚਲ ਰਿਹਾ ਹੈ।
ਸੂਤਰਾਂ ਮੁਤਾਬਿਕ ਡੇਰਾਮੁਖੀ ਰਾਮ ਰਹੀਮ ਦੇ ਕੁੜਮ ਅਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਵੀ ਐਤਵਾਰ ਰਾਤ 7 ਵਜੇ ਸਿਰਸਾ ਪਹੁੰਚੇ। ਹਾਲਾਂਕਿ ਰਾਤ ਨੂੰ ਡੇਰੇ ਵਿਚ ਜਾਣ ਦੀ ਬਜਾਏ ਉਹ ਆਪਣੇ ਜਵਾਈ ਜਸਮੀਤ ਅਤੇ ਬੇਟੀ ਹੁਸਨਮੀਤ ਨੂੰ ਮਿਲੇ। ਪੰਜਾਬ ਕਾਂਗਰਸ ਨੇ ਇਸ ਵਾਰ ਜੱਸੀ ਨੂੰ ਮੌੜ ਮੰਡੀ ਵਿਧਾਨਸਭਾ ਹਲਕੇ ਤੋਂ ਟਿਕਟ ਨਹੀਂ ਦਿੱਤੀ। ਪਿਛਲੀ ਵਾਰ ਜੱਸੀ ਨੇ ਇਸ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ। ਟਿਕਟ ਨਾ ਮਿਲਣ ‘ਤੇ ਜੱਸੀ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਅਜਿਹੇ ‘ਚ ਜੱਸੀ ਨੇ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਐਤਵਾਰ ਨੂੰ ਉਹ ਐਡਮ ਬਲਾਕ ਵਿਖੇ ਡੇਰਾ ਪ੍ਰਬੰਧਕਾਂ ਨੂੰ ਵੀ ਮਿਲੇ ਹੋ ਸਕਦੇ ਹਨ। ਇਨ੍ਹੀਂ ਦਿਨੀਂ ਡੇਰੇ ਦੀ ਵਾਗਡੋਰ ਵਿਪਾਸਨਾ ਇੰਸਾ, ਸ਼ੋਭਾ ਇੰਸਾ, ਪੀਆਰ ਨੈਨ ਕੋਲ ਹੈ। ਸੂਤਰਾਂ ਮੁਤਾਬਿਕ ਜੱਸੀ ਡੇਰੇ ਦੇ ਸਿਆਸੀ ਵਿੰਗ ਦੇ 45 ਮੈਂਬਰੀ ਕਮੇਟੀ ਮੈਂਬਰਾਂ ਨਾਲ ਸਲਾਹ ਕਰਕੇ ਭਵਿੱਖ ਦੀ ਰਣਨੀਤੀ ਤੈਅ ਕਰ ਸਕਦੇ ਹਨ।
ਜਿਕਰਯੋਗ ਹੈ ਕਿ ਕਾਂਗਰਸੀ ਆਗੂ ਜੱਸੀ ਨੇ ਤਲਵੰਡੀ ਸਾਬੋ ਤੋਂ ਆਜ਼ਾਦ ਤੌਰ ’ਤੇ ਚੋਣ ਲੜਨ ਦੀ ਗੱਲ ਵੀ ਕਹੀ ਹੈ। ਉਨ੍ਹਾਂ ਕਾਂਗਰਸ ਤੋਂ ਟਿਕਟ ਵੀ ਨਹੀਂ ਮੰਗੀ। ਕਾਂਗਰਸ ਨੇ ਹਲਕਾ ਤਲਵੰਡੀ ਸਾਬੋ ਦੇ ਮੌਜੂਦਾ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਹੈ। ਕਰੀਬ ਇੱਕ ਮਹੀਨਾ ਪਹਿਲਾਂ ਤਲਵੰਡੀ ਦੀ ਰਾਮਾਂ ਮੰਡੀ ਵਿੱਚ ਮੁੱਖ ਮੰਤਰੀ ਚੰਨੀ ਦਾ ਸਮਾਗਮ ਦੌਰਾਨ ਜਟਾਣਾ ਅਤੇ ਜੱਸੀ ਵਿਚਾਲੇ ਤਕਰਾਰ ਹੋ ਗਈ ਸੀ। ਇੱਥੇ ਸਥਿਤੀ ਤਣਾਅਪੂਰਨ ਹੋ ਗਈ ਸੀ। ਜੱਸੀ ਦੇ ਸੁਰੱਖਿਆ ਕਰਮੀਆਂ ਨੇ ਦਖਲ ਦੇ ਕੇ ਦੋਵਾਂ ਆਗੂਆਂ ਨੂੰ ਦੂਰ ਕੀਤਾ ਸੀ।
ਭਾਜਪਾ ਨਾਲ ਜੁੜੇ ਸੂਤਰਾਂ ਨੇ ਵੀ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ‘ਚ ਕਾਂਗਰਸੀ ਆਗੂ ਤੇ ਡੇਰਾਮੁਖੀ ਦੇ ਕੁੜਮ ਹਰਮੰਦਰ ਸਿੰਘ ਜੱਸੀ ਪੰਜਾਬ ਭਾਜਪਾ ਦੇ ਪ੍ਰਮੁੱਖ ਆਗੂਆਂ ਦੀ ਹਾਜ਼ਰੀ ‘ਚ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋਣਗੇ। ਸੂਤਰਾਂ ਨੇ ਦੱਸਿਆ ਕਿ ਕੁਝ ਹੋਰ ਕਾਂਗਰਸੀ ਆਗੂ ਵੀ ਭਾਜਪਾ ਦੇ ਸੰਪਰਕ ਵਿੱਚ ਹਨ।
ਸੂਤਰਾਂ ਨੇ ਦੱਸਿਆ ਕਿ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਡੇਰਾ ਮੁਖੀ ਦੇ ਮੈਂਬਰ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਕੇ ਬਠਿੰਡਾ ਸ਼ਹਿਰੀ ਸੀਟ ਤੋਂ ਆਪਣੀ ਦਾਅਵੇਦਾਰੀ ਜਤਾਉਣਗੇ। ਕਾਂਗਰਸ ਵਾਂਗ ਡੇਰੇ ਦੀਆਂ ਵੋਟਾਂ ਹਾਸਲ ਕਰਨ ਦੇ ਮਕਸਦ ਨਾਲ ਭਾਜਪਾ ਵੀ ਡੇਰਾ ਮੁਖੀ ਦੇ ਕੁੜਮ ਹਰਮੰਦਰ ਸਿੰਘ ਜੱਸੀ ਨੂੰ ਬਠਿੰਡਾ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ। ਜ਼ਿਲ੍ਹੇ ਵਿੱਚ ਡੇਰਾ ਸਮਰਥਕਾਂ ਦੀ ਵੱਡੀ ਗਿਣਤੀ ਹੋਣ ਕਾਰਨ ਭਾਜਪਾ ਵੀ ਡੇਰਾ ਵੋਟਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰੇਗੀ।
ਮਾਲਵੇ ਵਿੱਚ ਫ਼ਿਰੋਜ਼ਪੁਰ, ਮੋਗਾ, ਫ਼ਾਜ਼ਿਲਕਾ, ਅਬੋਹਰ, ਫ਼ਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਪਟਿਆਲਾ, ਲੁਧਿਆਣਾ, ਮਾਨਸਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਆਉਂਦੇ ਹਨ। ਮਾਲਵਾ ਪੱਟੀ ਵਿੱਚ 69 ਵਿਧਾਨ ਸਭਾ ਸੀਟਾਂ ਹਨ, ਜਿੱਥੇ ਡੇਰੇ ਦਾ ਪ੍ਰਭਾਵ ਮੰਨਿਆ ਜਾਂਦਾ ਹੈ।
ਕਾਂਗਰਸੀ ਆਗੂ ਤੇ ਡੇਰਾ ਮੁਖੀ ਦੇ ਕੁੜਮ ਹਰਮੰਦਰ ਸਿੰਘ ਜੱਸੀ ਨਾਲ ਮੀਡਿਆ ਵਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਲਵੰਡੀ ਸਾਬੋ ਤੋਂ ਆਜ਼ਾਦ ਚੋਣ ਲੜਨਗੇ | ਜਿਸ ਤਹਿਤ ਉਹ ਵਿਧਾਨ ਸਭਾ ਹਲਕਾ ਤਲਵੰਡੀ ਦੇ ਵੋਟਰਾਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕਰ ਰਹੇ ਹਨ। ਭਾਜਪਾ ‘ਚ ਸ਼ਾਮਲ ਹੋਣ ਦੀ ਚੱਲ ਰਹੀ ਚਰਚਾ ‘ਤੇ ਜੱਸੀ ਨੇ ਕਿਹਾ ਕਿ ਉਹ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਪਾਰਟੀ ‘ਚ ਸ਼ਾਮਲ ਨਹੀਂ ਹੋ ਰਹੇ ਹਨ। ਵਿਰੋਧੀਆਂ ਵੱਲੋਂ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਮੁਖੀ ਦੇ ਪੁੱਤਰ ਦੇ ਸਹੁਰੇ ਹਰਮਿੰਦਰ ਸਿੰਘ ਜੱਸੀ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਤੋਂ ਚੋਣ ਹਾਰ ਗਏ ਸਨ। ਉਹ 6445 ਵੋਟਾਂ ਨਾਲ ਹਾਰ ਗਏ ਸਨ। ਤਲਵੰਡੀ ਸਾਬੋ ਦੀ ਉਪ ਚੋਣ ਵਿੱਚ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸਾਲ 2017 ਵਿੱਚ ਉਹ ਮੌੜ ਮੰਡੀ ਤੋਂ ਚੋਣ ਹਾਰ ਗਏ ਸਨ। ਇਸ ਚੋਣ ਵਿੱਚ ਰੈਲੀ ਦੌਰਾਨ ਧਮਾਕਾ ਵੀ ਹੋਇਆ ਸੀ। ਜਿਸਦੇ ਕਾਰਨ ਕਰੀਬ 7 ਲੋਕਾਂ ਦੀ ਮੌਤ ਹੋ ਗਈ ਸੀ। ਡੇਰਾ ਸੱਚਾ ਸੌਦਾ ਦੀ ਵਰਕਸ਼ਾਪ ਦੇ ਤਿੰਨ ਮੁਲਾਜ਼ਮਾਂ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਸੀ। ਸਵਾਲ ਇਹ ਵੀ ਹੈ ਕਿ ਡੇਰੇ ਕੋਲ ਇੰਨਾ ਵੋਟ ਬੈਂਕ ਹੋਣ ਦੇ ਬਾਵਜੂਦ ਡੇਰਾ ਮੁਖੀ ਦੇ ਕੁੜਮ ਨੂੰ ਤਿੰਨ ਬਾਰ ਹਾਰ ਮਿਲੀ।
ਅਕਾਲੀ ਦਲ ਦੇ ਬੱਲੂਆਣਾ ਹਲਕਾ ਦੇ ਉਮੀਦਵਾਰ ਹਰਦੇਵ ਸਿੰਘ ਵੀ ਐਤਵਾਰ ਸ਼ਾਮ ਡੇਰੇ ‘ਚ ਪਹੁੰਚੇ। ਉਨ੍ਹਾਂ ਨੇ ਡੇਰੇ ਤੋਂ ਸਹਿਯੋਗ ਮੰਗਿਆ। ਹਰਦੇਵ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਜਨਸੇਵਾ ਦੇ ਕੰਮਾਂ ਵਿੱਚ ਸ਼ਾਮਲ ਹੈ। ਡੇਰੇ ਨੇ ਲੋਕਾਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਨਾ ਸਿਖਾਇਆ ਅਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਮੈਂ ਵੀ ਆਪਣੇ ਹਲਕੇ ‘ਚ ਨਸ਼ਿਆਂ ਦਾ ਖਾਤਮਾ ਕਰਨਾ ਚਾਹੁੰਦਾ ਹਾਂ, ਇਸ ਲਈ ਅੱਜ ਮੈਂ ਡੇਰਾ ਸੱਚਾ ਸੌਦਾ ਦੀ ਮੁਹਿੰਮ ‘ਚ ਸ਼ਾਮਲ ਹੋਣ ਲਈ ਡੇਰੇ ‘ਤੇ ਪਹੁੰਚਿਆ ਹਾਂ।