ਸੰਗਰੂਰ, 14 ਜਨਵਰੀ, 2022: ਸੰਗਰੂਰ ਜ਼ਿਲ੍ਹੇ ਵਿਚਲੇ ਪਿੰਡ ਸ਼ਾਦੀਹਰੀ ਦੇ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਐੱਸਐੱਸਪੀ ਦਫ਼ਤਰ ਸੰਗਰੂਰ ਅੱਗੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਇਆ ਮੋਰਚਾ ਅੱਜ ਅੱਤ ਦੀ ਠੰਡ ਪੈਣ ਦੇ ਬਾਵਜੂਦ ਤੀਜੇ ਦਿਨ ਲਗਾਤਾਰ ਜਾਰੀ ਰਿਹਾ।
ਮੋਰਚੇ ਨੂੰ ਸੰਬੋਧਨ ਕਰਦਿਆ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਮੱਖਣ ਸਿੰਘ, ਬਿੱਕਰ ਹਥੋਆ, ਪ੍ਰਗਟ ਕਾਲਾਝਾੜ ਅਤੇ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਪਣਾ ਕਾਨੂੰਨ ਮੁਤਾਬਕ ਕੋਆਪਰੇਟਿਵ ਸੁਸਾਇਟੀ ਵਿੱਚ ਹਿੱਸਾ ਮੰਗਦੇ ਲੋਕਾਂ ਉੱਪਰ ਧਨਾਂਡ ਚੌਧਰੀਆਂ ਦੀ ਸ਼ਹਿ ਤੇ ਝੂਠੇ ਪਰਚੇ ਕੀਤੇ ਜਾਦੇ ਹਨ ਅਤੇ ਗੱਲਬਾਤ ਦੇ ਬਹਾਨੇ ਨਾਲ ਬੁਲਾ ਕੇ ਜੇਲ ਭੇਜ ਦਿਤਾ ਜਾਦਾ ਹੈ ਇਸ ਤੋਂ ਪੁਲਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਪਿੰਡ ਦੇ ਲੋਕ ਐਨੀ ਸਰਦੀ ਵਿੱਚ ਰਾਤ ਨੂੰ ਬਿਨਾਂ ਟੈੰਟ ਦੇ ਪੈ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਮਸਲੇ ਨੂੰ ਹੱਲ ਕਰਨ ਦੀ ਕੋਈ ਫੁਰਤੀ ਨਹੀਂ ਵਿਖਾਈ ਜਾ ਰਹੀ। ਇਸ ਲਈ ਚਾਹੇ ਠੰਡ ਜ਼ੋਰਾਂ ਤੇ ਪੈ ਰਹੀ ਹੈ ਪਰ ਲੋਕ ਆਪਣੇ ਨਜਾਇਜ਼ ਤਰੀਕੇ ਨਾਲ ਗ੍ਰਿਫਤਾਰ ਕੀਤੇ ਸਾਥੀਆਂ ਦੀ ਰਿਹਾਈ ਲਈ ਡਟੇ ਹੋਏ ਹਨ ਅਤੇ ਆਗੂਆਂ ਨੇ ਐਲਾਨ ਕੀਤਾ ਕਿ ਮਸਲਾ ਹੱਲ ਨਾ ਹੋਣ ਤੱਕ ਮੋਰਚਾ ਜਾਰੀ ਰਹੇਗਾ।
ਅੱਜ ਡੀਐੱਸਪੀ ਸਤਪਾਲ ਸ਼ਰਮਾ ਕੋਲ ਐੱਸਸੀ ਭਾਈਚਾਰੇ ਦੇ ਬਿਆਨ ਦਰਜ ਕਰਵਾਏ ਗਏ ਹਨ ਉਹਨਾ ਭਰੋਸਾ ਦਿਤਾ ਕਿ ਜਲਦ ਹੀ ਰਿਹਾ ਕਰਨ ਦੀ ਕਾਰਵਾਈ ਪੂਰੀ ਕੀਤੀ ਜਾਵੇਗੀ।
ਮੋਰਚੇ ਵਿੱਚ ਜਬਰ ਵਿਰੋਧੀ ਸੰਘਰਸ਼ ਕਮੇਟੀ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ, ਮਾਇਆ ਤੋਲੇਵਾਲ, ਬਲਬੀਰ ਕੌਰ ਸ਼ਾਦੀਹਰੀ, ਕਿਰਨਾ ਤੋਲੇਵਾਲ ਬੁਲਾਰਿਆਂ ਨੇ ਸੰਬੋਧਨ ਕੀਤਾ ।