ਲਹਿਰਾਗਾਗਾ, 10 ਜਨਵਰੀ – ਲਹਿਰਾਗਾਗਾ ਦੇ ਪਿੰਡ ਢੀਡਸਾਂ ਦੇ ਇੱਕ ਛੋਟੇ ਕਿਸਾਨ ਨੇ ਕਰਜ਼ੇ ਦੀ ਮਾਰ ਨਾ ਝੱਲਦਿਆਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰੰਘ ਢੀਂਡਸਾ ਨੇ ਦੱਸਿਆ ਕਿ ਗੁਰਜੰਟ ਸਿੰਘ (47) ਅਣਵਿਆਹਿਆ ਸੀ। ਉਹ ਜਥੇਬੰਦੀ ਦਾ ਸਰਗਰਮ ਮੈਂਬਰ ਸੀ। ਉਹ ਦੋ ਭਰਾ ਅਤੇ ਛੇ ਭੈਣਾਂ ਸਨ। ਉਨ੍ਹਾਂ ਕੋਲ ਦੋ ਏਕੜ ਜ਼ਮੀਨ ਸੀ। ਉਸ ਉੱਪਰ ਸਹਿਕਾਰੀ ਸਭਾ, ਬੈਂਕ ਅਤੇ ਆੜ੍ਹਤੀਏ ਦਾ ਅੱਠ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਰ ਕੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ। ਬੀਤੀ ਰਾਤ ਉਹ ਰੋਟੀ ਖਾ ਕੇ ਸੁੱਤਾ ਸੀ ਪਰ ਸਵੇਰੇ ਉਸ ਦੇ ਭਰਾ ਨੇ ਉਸ ਨੂੰ ਉਠਾਇਆ ਤਾਂ ਉਹ ਨਹੀਂ ਉੱਠਿਆ। ਉਸ ਦੇ ਸਰਾਹਨੇ ਥੱਲੋਂ ਜ਼ਹਿਰੀਲੀ ਵਸਤੂ ਮਿਲੀ। ਉਸ ਦੇ ਭਰਾ ਨੇ ਪੁਲੀਸ ਨੂੰ ਇਤਲਾਹ ਦਿੱਤੀ ਤਾਂ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਧਾਰਾ 174 ਅਧੀਨ ਕੇਸ ਦਰਜ ਕਰ ਕੇ ਮ੍ਰਿਤਕ ਦੀ ਲਾਸ਼ ਪੋਸਟਮਾਟਰਮ ਲਈ ਭੇਜ ਦਿੱਤੀ ਹੈ। ਬੀਕੇਯੂ ਦੇ ਆਗੂ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਰਜ਼ਾ ਮੁਆਫ਼ ਨਾ ਕੀਤੇ ਜਾਣ ਕਰਕੇ ਕਿਸਾਨ ਖੁਦਕਸ਼ੀਆਂ ਕਰਨ ਲਈ ਮਜਬੂਰ ਹਨ। ਉਨ੍ਹਾਂ ਸਰਕਾਰ ਤੋਂ ਕਿਸਾਨ ਦਾ ਹਰ ਕਿਸਮ ਦਾ ਕਰਜ਼ਾ ਮੁਆਫ਼ ਕਰ ਕੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।