ਪਟਨਾ, 10 ਜਨਵਰੀ, 2022 : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੁੰ ਦੇਸ਼ ਵਿਚ ਮਨਾਉਣ ਅਤੇ ਬੱਚਿਆਂ ਨੂੰ ਇਤਿਹਾਸ ਪੜ੍ਹਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਇਸ ਦਿਨ ਦੇ ਰੱਖੇ ਨਾਂਅ ’ਵੀਰ ਬਾਲ ਦਿਵਸ’ ’ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਨਾਂ ਸਿੱਖੀ ਸੋਚ ਤੇ ਭਾਵਨਾਵਾਂ ਦੇ ਮੁਤਾਬਕ ਨਹੀਂ ਹੈ।
ਉਹਨਾਂ ਕਿਹਾ ਕਿ ਸਾਡੀਆਂ ਸਿੱਖ ਸੰਸਥਾਵਾਂ ਮੌਜ਼ੂਦ ਹਨ, ਸਾਡੇ ਤਖਤ ਹਨ, ਸਾਡੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ , ਚੀਫ ਖਾਲਸਾ ਦੀਵਾਨ ਹਨ ਅਤੇ ਜੇਕਰ ਕੇਂਦਰ ਸਰਕਾਰ ਐਲਾਨ ਕਰਨ ਤੋਂ ਇਲਾਵਾ ਇਹਨਾਂ ਨਾਲ ਸਲਾਹ ਮਸ਼ਵਰਾ ਕਰ ਲਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਹ ਸਹਿਯੋਗ ਦੇਣ ਲਈ ਤਿਆਰ ਵੀ ਹਨ ਤੇ ਵਚਨਬੱਧ ਵੀ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਿੱਖ ਵਿਦਵਾਨਾਂ ਦਾ ਸਹਿਯੋਗ ਲੈ ਕੇ ਇਹ ਨਾਂਅ ਦਰੁੱਸਤ ਕਰੇ।