ਨਵੀਂ ਦਿੱਲੀ, 31 ਦਸੰਬਰ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਮੁੜ ਮੋਦੀ ਸਰਕਾਰ ਤੇ ਕੋਰੋਨਾ ਟੀਕਾਕਰਨ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ 2021 ਵਿੱਚ ਸਾਰਿਆਂ ਨੂੰ ਕੋਰੋਨਾ ਦੀਆਂ ਦੋਵੇਂ ਡੋਜ਼ ਲਗਾ ਦਿੱਤੀਆਂ ਜਾਣਗੀਆਂ ਪਰ ਉਹ ਪੂਰਾ ਨਹੀਂ ਹੋਇਆ। ਉਨ੍ਹਾਂ ਟਵੀਟ ਕਰ ਕੇ ਲਿਖਿਆ ਕਿ ਕੇਂਦਰ ਸਰਕਾਰ ਦਾ ਵਾਅਦਾ ਸੀ ਕਿ 2021 ਦੇ ਅੰਤ ਤੱਕ ਸਾਰਿਆਂ ਨੂੰ ਦੋਵੇਂ ਡੋਜ਼ ਲਗਾਉਣਗੇ, ਅੱਜ ਸਾਲ ਦਾ ਆਖ਼ਰੀ ਦਿਨ ਹੈ, ਦੇਸ਼ ਹਾਲੇ ਵੀ ਵੈਕਸੀਨ ਤੋਂ ਦੂਰ, ਇੱਕ ਹੋਰ ਜੁਮਲਾ ਚਕਨਾਚੂਰ। ਰਾਹੁਲ ਨੇ ਕੋਰੋਨਾ ਦੀ ਤੀਜੀ ਲਹਿਰ ਨਾਲ ਸੰਬੰਧਤ ਖ਼ਬਰ ਦੇ ਸਕ੍ਰੀਨਸ਼ਾਟ ਨਾਲ ਇਹ ਟਵੀਟ ਕੀਤਾ ਹੈ।
ਜਿਕਰਯੋਗ ਹੈ ਕਿ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਦੇ ਨਵੇਂ ਮਾਮਲੇ ਕਰੀਬ 64 ਦਿਨਾਂ ਬਾਅਦ 16 ਹਜ਼ਾਰ ਦਾ ਅੰਕੜਾ ਪਾਰ ਕਰ ਗਏ ਹਨ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਕੁੱਲ ਮਾਮਲੇ 1270 ਹੋ ਗਏ ਹਨ। ਸਿਹਤ ਮੰਤਰਾਲਾ ਅਨੁਸਾਰ ਹੁਣ ਤੱਕ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਓਮੀਕ੍ਰੋਨ ਦੇ 1270 ਮਾਮਲੇ ਸਾਹਮਣੇ ਆਏ ਹਨ ਅਤੇ 374 ਵਿਅਕਤੀ ਸਿਹਤਮੰਤ ਹੋ ਗਏ ਜਾਂ ਦੇਸ਼ ਛੱਡ ਕੇ ਚਲੇ ਗਏ ਹਨ।