ਸੰਦੌੜ, 31 ਦਸੰਬਰ, 2021: ਦਸਤਾਰ ਦਾ ਸੁਨੇਹਾ ਘਰ ਘਰ ਤੱਕ ਪਹੁੰਚਣ ਲਈ ਮੋਹਰੀ ਰੋਲ ਅਦਾ ਕਰ ਰਹੀ ਸੰਸਥਾਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਤੇ ਦਸਤਾਰ ਕੋਚਾ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਕੌਮੀ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਤੇ ਸੂਚਨਾ ਕੇਂਦਰ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਸੰਸਥਾਂ ਪਿਛਲੇ 15 ਸਾਲਾਂ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਤੇ ਦਸਤਾਰ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਲਈ ਪਿੰਡਾਂ, ਸ਼ਹਿਰਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਹੋਰ ਵਿਦਿਅਕ ਤੇ ਧਾਰਮਿਕ ਸੰਸਥਾਵਾਂ ਵਿੱਚ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਮੁਕਾਬਲੇ ਰਾਹੀਂ ਜਾਗਰੂਕ ਕਰਦੀ ਆਈ ਰਹੀ ਹੈ।
ਉਨਾਂ ਕਿਹਾ ਕਿ ਸਭ ਤੋਂ ਵੱਡਾ ਤੇ ਸਫ਼ਲ ਉਪਰਾਲਾ ਲੰਗਰ ਦਸਤਾਰਾਂ ਦੇ ਤੇ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਠੰਡਾ ਬੁਰਜ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲਗਾਕੇ ਜਿਥੇ ਹਜ਼ਾਰਾਂ ਨੌਜਵਾਨਾਂ ਨੂੰ ਲੰਮੇ ਸਮੇਂ ਤੋਂ ਸਾਬਤ ਸੂਰਤ ਹੋਣ ਦਾ ਪ੍ਰਣ ਕਰਵਾਕੇ ਗੁਰੂ ਨਾਲ ਜੋੜਿਆ ਜਾ ਰਿਹਾ ਹੈ ਤੇ ਲੱਖਾਂ ਦੀਆਂ ਮੁਫਤ ਦਸਤਾਰਾਂ ਦੀ ਸੇਵਾ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਮੁੜ ਪਹਿਲਾਂ ਵਾਲਾ ਪੱਗਾ ਵਾਲਾ ਪੰਜਾਬ ਬਣਾਉਣ ਲਈ ਨੋਜਵਾਨਾਂ ਨੂੰ ਦਸਤਾਰ ਨਾਲ ਜੋੜਨ ਦੀ ਸੇਵਾ ਸਾਡੀ ਟੀਮ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਆਖਰੀ ਸਾਹ ਤੱਕ ਕੀਤੀ ਜਾਵੇਗੀ।ਇਸ ਮੌਕੇ ਸੰਸਥਾਂ ਦੇ ਸੀਨੀਅਰ ਦਸਤਾਰ ਕੋਚ ਨਰਿੰਦਰ ਸਿੰਘ ਕਾਲਸਨਾਂ, ਸੁਖਪ੍ਰੀਤ ਸਿੰਘ ਕੁਠਾਲਾ, ਕੁਲਜਿੰਦਰ ਸਿੰਘ ਘਨੋਰ, ਸਤਨਾਮ ਸਿੰਘ ਬੀਜਾ, ਬਲਕਾਰ ਸਿੰਘ ਰਾਏਕੋਟ, ਹਰਦੀਪ ਸਿੰਘ ਬੀਜਾ,ਗੁਰਚਰਨ ਸਿੰਘ ਕਿਲ੍ਹਾ ਰਾਏਪੁਰ ਆਦਿ ਹਾਜ਼ਰ ਸਨ।