ਨਵਾਂਸ਼ਹਿਰ, 16 ਦਸੰਬਰ,2021- ਜ਼ਿਲ੍ਹੇ ਵਿਚ ਰਾਤਰੀ ਗਸ਼ਤ ਅਤੇ ਚੈਕਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ 24 ਘੰਟੇ ਚੌਕਸੀ ਰੱਖਣ ਲਈ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ 500 ਦੇ ਕਰੀਬ ਪੁਲਿਸ ਮੁਲਾਜ਼ਮ ਜਿਨ੍ਹਾਂ ਵਿਚ ਐਸ.ਪੀ., ਡੀ.ਐਸ.ਪੀਜ਼, ਐਸ.ਐਚ.ਓਜ਼, ਪੀ.ਸੀ.ਆਰ ਸਟਾਫ਼ ਅਤੇ ਹੋਰ ਸ਼ਾਮਲ ਹਨ, ਨੂੰ ਫੀਲਡ ਵਿਚ ਤਾਇਨਾਤ ਕੀਤਾ ਹੈ ਤਾਂ ਜੋ ਅਮਨ-ਕਾਨੂੰਨ ਵਿਵਸਥਾ ਦੀ ਨਿਗਰਾਨੀ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਕੰਵਰਦੀਪ ਕੌਰ ਨੇ ਦੱਸਿਆ ਕਿ ਦਿਨ ਵੇਲੇ ਤਿੰਨ ਡੀ.ਐਸ.ਪੀਜ਼ ਦੀ ਅਗਵਾਈ ਵਿੱਚ 12 ਇੰਸਪੈਕਟਰ, 15 ਪੀ.ਸੀ.ਆਰ ਟੀਮਾਂ, 8 ਰੈਪਿਡ ਰੂਰਲ ਪੁਲਿਸ ਸਿਸਟਮ ਟੀਮਾਂ ਅਤੇ 205 ਪੁਲਿਸ ਕਰਮਚਾਰੀ ਸਮਾਜ ਵਿਰੋਧੀ ਅਨਸਰਾਂ ’ਤੇ ਸਖ਼ਤ ਨਜ਼ਰ ਰੱਖਣਗੇ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਰਾਤਰੀ ਗਸ਼ਤ ਦੀ ਅਗਵਾਈ ਦੋ ਐਸਪੀ/ਡੀਐਸਪੀ, ਤਿੰਨ ਇੰਸਪੈਕਟਰ/ਸਬ-ਇੰਸਪੈਕਟਰ ਅਤੇ 150 ਹੋਰ ਕਰਮਚਾਰੀ ਕਰਨਗੇ।
ਐਸਐਸਪੀ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਪੈਸੇ ਅਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਸੁਰੱਖਿਆ ਅਤੇ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਜ਼ਿਲ੍ਹੇ ਦੇ ਸਾਰੇ ਨਾਜ਼ੁਕ ਥਾਂਵਾਂ, ਭੀੜ-ਭੜੱਕੇ ਵਾਲੀਆਂ ਥਾਵਾਂ ਅਤੇ ਐਂਟਰੀ ਪੁਆਇੰਟਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਐਸ.ਐਸ.ਪੀ. ਨੇ ਕਿਹਾ ਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖਣ ਲਈ ਕੁਝ ਟੀਮਾਂ ਆਪੋ-ਆਪਣੇ ਖੇਤਰਾਂ ’ਚ ਬਾਰੀਕੀ ਨਾਲ ਗਸ਼ਤ ਕਰਨਗੀਆਂ। ਉਨ੍ਹਾਂ ਕਿਹਾ ਕਿ ਤਿੰਨ ਹਾਈ ਟੈਕ ਨਾਕਿਆਂ ਦੀ ਸਥਾਪਨਾ ਨਾਲ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ।
ਐਸ.ਐਸ.ਪੀ. ਕੌਰ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਪੰਜਾਬ ਪੁਲਿਸ ਦੀ ਸ਼ਾਨਾਮੱਤੀ ਪ੍ਰੰਪਰਾ ਨੂੰ ਬਰਕਰਾਰ ਰੱਖਦਿਆਂ ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਅਧੀਨ ਪੂਰੇ ਖੇਤਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਦੀ ਨਿਗਰਾਨੀ ਪੁਲਿਸ ਸੁਪਰਡੈਂਟ ਰੈਂਕ ਦੇ ਅਧਿਕਾਰੀ ਕਰਨਗੇ।