ਕੋਟਕਪੂਰਾ 15 ਦਸੰਬਰ 2021 – ਕੋਟਕਪੂਰਾ ਦੇ ਰਿਲਾਇੰਸ ਪੇਟ੍ਰੋਲ ਪੰਪ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਵਲੋਂ ਸੁੱਬਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਹਰੀਨੋ ਅਤੇ ਜਨਰਲ ਸਕੱਤਰ ਅਮਨਦੀਪ ਸਿੰਘ ਨਾਨਕਸਰ ਦੀ ਅਗੁਵਾਈ ਹੇਠ ਕਿਸਾਨਾਂ ਦਾ ਜੋ ਧਰਨਾਂ 1 ਅਕਤੂਬਰ 2020 ਤੋਂ ਚੱਲ ਰਿਹਾ ਸੀ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਉਸਦੀ ਸਮਾਪਤੀ ਕਰ ਦਿੱਤੀ ਗਈ।
ਇਸ ਮੌਕੇ ਸੁੱਬਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਹਰੀਨੋ ਨੇ ਕਿਹਾ ਕਿ ਇਹ ਭੰਗੜੇ ਪਾਕੇ ਜਸ਼ਨ ਮਨਾਉਣ ਦਾ ਦਿਨ ਨਹੀਂ ਸਗੋਂ ਵਾਹੇਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਕਰਣ ਦਾ ਦਿਨ ਹੈ। ਖੇਤੀ ਧੰਦੇ ਨੂੰ ਉੱਚਾ ਚੁੱਕਣ ਲਈ ਕਿਸਾਨਾਂ ਦਾ ਸੰਘਰਸ਼ ਅੱਗੇ ਵੀ ਜਾਰੀ ਰਹੇਗਾ
ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੇ ਸਬਰ ਦੀ ਜਿੱਤ ਹੈ ਅਤੇ ਕੇਂਦਰ ਸਰਕਾਰ ਦੀ ਜ਼ਿੱਦ ਦੀ ਹਾਰ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅੰਦੋਲਨ ਨੂੰ ਨਾਕਾਮ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਸਾਨ ਜਿੱਤ ਦਾ ਝੰਡਾ ਲਹਿਰਾ ਕੇ ਹੀ ਦਿੱਲੀ ਤੋਂ ਵਾਪਿਸ ਆਏ।
ਉਨ੍ਹਾਂ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਕੁਰਬਾਨੀ ਦਾ ਪ੍ਰਤੀਕ ਹੈ ਅਤੇ ਦੁਨੀਆਂ ਇਸ ਨੂੰ ਹਮੇਸ਼ਾ ਯਾਦ ਰੱਖੇਗੀ।
ਜਨਰਲ ਸਕੱਤਰ ਅਮਨਦੀਪ ਸਿੰਘ ਨਾਨਕਸਰ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਜਿੱਤ ਇਤਿਹਾਸਕ ਹੈ ਅਤੇ ਇਸ ਨਾਲ ਦਿੱਲੀ ਦੀ ਹੰਕਾਰੀ ਸਰਕਾਰ ਦੀ ਹਾਰ ਹੋਈ ਹੈ, ਜਿਸ ਨੂੰ ਇਤਿਹਾਸ ਹਮੇਸ਼ਾ ਯਾਦ ਰੱਖੇਗਾ।
ਆਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਜਥੇਬੰਦੀ ਮਜ਼ਬੂਤ ਹੋਵੇ ਤਾਂ ਕੋਈ ਵੀ ਤਾਕਤ ਇਸ ਨੂੰ ਹਰਾ ਨਹੀਂ ਸਕਦੀ।
ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਵਿੱਚ ਸਮੂਹ ਕਿਸਾਨ ਮੋਰਚਿਆਂ ਅਤੇ ਕਿਸਾਨਾਂ ਅਤੇ ਸਾਰੇ ਵਰਗਾਂ ਦੇ ਲੋਕਾਂ ਦੇ ਸਹਿਯੋਗ ਦੀ ਜਿੱਤ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਦੀ ਜਿੱਤ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਕਿਸਾਨ ਅੰਦੋਲਨ ਦੀ ਇਤਿਹਾਸਕ ਸਫਲਤਾ ਨਾਲ ਕਿਸਾਨ ਭਰਾ ਇੱਕ ਸਾਲ ਬਾਅਦ ਆਪਣੇ ਘਰਾਂ ਅਤੇ ਖੇਤਾਂ ਨੂੰ ਪਰਤਣਗੇ।
ਇਸ ਮੌਕੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾ ਨੂੰ ਸ਼ਰਧਾਂਜਲੀ ਦਿੱਤੀ ਗਈ। ਨਾਲ ਹੀ ਹਰ ਇਕ ਯੋਗਦਾਨ ਦੇਣ ਵਾਲੇ ਵਿਅਕਤੀਆਂ ਸਮੇਤ ਮੀਡਿਆ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਲੱਡੂ ਵੰਡ ਕੇ ਸਭ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।
ਇਸੇ ਪੰਪ ਦੇ ਦੂੱਜੇ ਗੇਟ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜਾਰੀ ਧਰਨੇ ਦੀ ਸਮਾਪਤੀ ਕਲ ਵੀਰਵਾਰ ਕੀਤੀ ਜਾਵੇਗੀ।