ਨਵਾਂਸ਼ਹਿਰ, 14 ਦਸੰਬਰ 2021 – ਵਿਧਾਇਕ ਅੰਗਦ ਸਿੰਘ ਵੱਲੋਂ ਹਲਕੇ ’ਚ ਵਿਕਾਸ ਕਾਰਜਾਂ ਲੜੀ ਤਹਿਤ ਕਲ੍ਹ ਵਿਧਾਇਕ ਅੰਗਦ ਸਿੰਘ ਨੇ 29 ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਤਿੰਨ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿੱਚ ਵਾਰਡ ਨੰ. 6 ’ਚ 11.08 ਅਤੇ 5.55 ਲੱਖ ਦੀ ਲਾਗਤ ਨਾਲ ਦੋ ਸੜ੍ਹਕਾਂ ਅਤੇ ਵਾਰਡ ਨੰ. 5 ਵਿੱਚ 12.60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜ੍ਹਕ ਸ਼ਾਮਿਲ ਹੈ।
ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਜਿੱਥੇ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨਵਾਂਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਨਵਾਂਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਵਿਧਾਇਕ ਨੇ ਕਿਹਾ ਕਿ ਗੁਣਵੱਤਾ ਨਿਯੰਤਰਣ ਨੂੰ ਯਕੀਨੀ ਬਣਾ ਕੇ ਅਤੇ ਅਧਿਕਾਰੀਆਂ ਨੂੰ ਜਵਾਬਦੇਹ ਬਣਾ ਕੇ ਕਰੋੜਾਂ ਰੁਪਏ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਮੁਕੰਮਲ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਧ-ਚੜ੍ਹ ਕੇ ਕੰਮ ਕਰ ਰਹੀ ਹੈ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ, ਨਗਰ ਸੁਧਾਰ ਟ੍ਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਕੌਂਸਲਰ ਜਸਵੀਰ ਕੌਰ ਬਡਵਾਲ, ਪ੍ਰਵੀਨ ਭਾਟੀਆ ਤੇ ਚੇਤ ਰਾਮ ਰਤਨ, ਅਰੁਣ ਦੀਵਾਨ, ਪਰਦੀਪ ਚਾਂਦਲਾ, ਹੈਪੀ ਭਾਟੀਆ, ਜਤਿੰਦਰ ਬਾਲੀ, ਗੁਰਮਿੰਦਰ ਬਡਵਾਲ, ਰਾਜੇਸ਼ ਗੌਤਮ, ਸੰਦੀਪ ਪ੍ਰੀਹਾਰ, ਅਵਤਾਰ ਸਿੰਘ, ਕੁਲਬੀਰ ਸਿੰਘ, ਐਡਵੋਕੇਟ ਧਰਮਪਾਲ ਜਾਂਗੜਾ, ਮਨਜੀਤ ਸਿੰਘ, ਜੈ ਦੀਪ ਜਾਂਗੜਾ ਆਦਿ ਹਾਜ਼ਰ ਸਨ।