ਸਰੀ, 14 ਦਸੰਬਰ, 2021: ਬ੍ਰਿਟਿਸ਼ ਕੋਲੰਬੀਆ ਦੇ ਸਕੂਲ ਵਿਦਿਆਰਥੀਆਂ ਦੀ ਸਮਾਜਿਕ,ਸੱਭਿਆਚਾਰਕ ਅਤੇ ਸਰੀਰਕ ਸਿਹਤ ਲਈ ਲਾਭ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਲਈ ਪੇਰੈਂਟ ਐਡਵਾਈਜ਼ਰੀ ਕੌਂਸਲਾਂ ਅਤੇ ਡਿਸਟ੍ਰਿਕਟ ਪੇਰੈਂਟ ਐਡਵਾਈਜ਼ਰੀ ਕੌਂਸਲਾਂ ਰਾਹੀਂ ਹਰ ਸਾਲ ਫੰਡ ਦਿੱਤੇ ਜਾਂਦੇ ਹਨ ਅਤੇ ਇਸ ਸਾਲ 1,300 ਤੋਂ ਵੱਧ ਸਕੂਲ ਸਲਾਹਕਾਰ ਕੌਂਸਲਾਂ ਨੂੰ ਕਮਿਊਨਿਟੀ ਗੇਮਿੰਗ ਗ੍ਰਾਂਟਸ ਲਈ ਲਗਭਗ 11 ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ।
ਇਹ ਪ੍ਰਗਟਾਵਾ ਕਰਦਿਆਂ ਸਰੀ ਪੈਨੋਰਮਾ ਦੇ ਨਿਊ ਡੈਮੋਕਰੇਟ ਵਿਧਾਇਕ ਜਿਨੀ ਸਿਮਸ ਨੇ ਕਿਹਾ ਕਿ ਸੂਬੇ ਦੇ ਕਮਿਊਨਿਟੀ ਗੇਮਿੰਗ ਗ੍ਰਾਂਟਸ ਪ੍ਰੋਗਰਾਮ ਰਾਹੀਂ ਫੰਡਿੰਗ ਨਾਲ ਸਕੂਲਾਂ ਵਿੱਚ ਬੱਚਿਆਂ ਲਈ ਸਥਾਨਕ ਸਿੱਖਣ ਦੇ ਮੌਕਿਆਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਨੂੰ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਵਿਦਿਆਰਥੀਆਂ ਲਈ ਇੱਕ ਸਿਹਤਮੰਦ ਅਤੇ ਲਾਭਕਾਰੀ ਸਕੂਲ ਅਨੁਭਵ ਲਈ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਕਿੰਨੀਆਂ ਮਹੱਤਵਪੂਰਨ ਹਨ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਸਕੂਲ ਅਤੇ ਜੀਵਨ ਵਿੱਚ ਪ੍ਰਫੁੱਲਤ ਹੋਣ ਲਈ ਲੋੜੀਂਦੀ ਸਹਾਇਤਾ ਦੇ ਰਹੀ ਹੈ। ਸਾਡੇ ਬੱਚਿਆਂ ਵਿੱਚ ਨਿਵੇਸ਼ ਕਰਨਾ ਨਾ ਸਿਰਫ਼ ਉਨ੍ਹਾਂ ਲਈ ਚੰਗਾ ਹੈ ਸਗੋਂ ਸਿਹਤਮੰਦ ਭਾਈਚਾਰਿਆਂ ਦੇ ਨਿਰਮਾਣ ਲਈ ਵੀ ਚੰਗਾ ਹੈ। ਸਰੀ ਵਿੱਚ, 116 ਗਰੁੱਪਾਂ ਨੂੰ 926,000 ਤੋਂ ਵੱਧ ਫੰਡ ਵੰਡੇ ਜਾ ਰਹੇ ਹਨ ਅਤੇ ਪੂਰੇ ਸੂਬੇ ਵਿੱਚ ਸਾਲ 2021-22 ਲਈ 1,300 ਤੋਂ ਵੱਧ ਸਲਾਹਕਾਰ ਕੌਂਸਲਾਂ ਨੂੰ 10.7 ਮਿਲੀਅਨ ਤੋਂ ਵੱਧ ਫੰਡ ਦਿੱਤੇ ਜਾ ਰਹੇ ਹਨ।