ਅਹਿਮਦਗੜ੍ਹ, 02, ਦਸੰਬਰ, 2021: ਪੰਜਾਬ ਸੂਬੇ ਦੀਆਂ ਫੂਡ ਏਜੰਸੀਆਂ ‘ਚ ਚੱਲਦੇ ਠੇਕੇਦਾਰੀ ਸਿਸਟਮ ਖਿਲਾਫ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੀਆਂ ਮਜ਼ਦੂਰਾਂ ਦੀਆਂ 7 ਸੂਬਾ ਪੱਧਰੀ ਜਥੇਬੰਦੀਆਂ ਨੇ ਲੰਘੇ ਹਫਤੇ ਮਜ਼ਦੂਰਾਂ ਦੇ ਆਲ-ਇੰਡੀਆ ਪੱਧਰੀ ਨੇਤਾ ਖੁਸ਼ੀ ਮੁਹੰਮਦ ਸਹੌਲ ਦੀ ਅਗਵਾਈ ਹੇਠ ਇੱਕ ਮੰਚ ‘ਤੇ ਇੱਕਠੇ ਹੋ ਕੇ ਠੇਕੇਦਾਰੀ ਸਿਸਟਮ ਖਿਲਾਫ ਤੱਕੜਾ ਹੰਭਲਾ ਮਾਰਨ ਦੇ ਕੀਤੇ ਗਏ ਐਲਾਨ ਤਹਿਤ ਅੱਜ ਪੱਲੇਦਾਰ ਮਜ਼ਦੂਰਾਂ ਨੇ ਖੁਸ਼ੀ ਮੁਹੰਮਦ ਦੀ ਅਗਵਾਈ ਹੇਠ ਮਾਲੇਰਕੋਟਲਾ ਦੀ ਦਾਣਾ ਮੰਡੀ ਵਿਖੇ ਸਥਿਤ ਡਿੱਪੂ ਸਾਹਮਣੇ ਰੈਲੀ ਕਰਨ ਉਪਰੰਤ ਜ਼ਬਰਦਸ਼ਤ ਨਾਅਰੇਬਾਜ਼ੀ ਕਰਦੇ ਹੋਏ ਸ਼ਹਿਰ ਦੇ ਬਜ਼ਾਰਾਂ ‘ਚ ਰੋਸ ਕੀਤਾ ਅਤੇ ਸਥਾਨਕ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜ ਕੇ ਮੰਗ ਪੱਤਰ ਦਿੱਤਾ। ਸੂਬੇ ਦੀਆਂ ਫੂਡ ਏਜੰਸੀਆਂ ‘ਚੋਂ ਠੇਕੇਦਾਰੀ ਸਿਸਟਮ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਗਈ।
ਰੈਲੀ ਨੂੰ ਸੰਬੋਧਨ ਦੌਰਾਨ ਕੌਮੀ ਮਜ਼ਦੂਰ ਨੇਤਾ ਖੁਸ਼ੀ ਮੁਹੰਮਦ ਨੇ ਫੂਡ ਏਜੰਸੀਆਂ ‘ਚੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਖੂਨ-ਪਸੀਨੇ ਦੀ ਮਜ਼ਦੂਰੀ ਦੀਆਂ ਪੇਮੈਂਟਾ ਦਾ ਸਿੱਧਾ ਭੁਗਤਾਨ ਕੀਤੇ ਜਾਣ ਦੀ ਪੂਰਜ਼ੋਰ ਮੰਗ ਕਰਦਿਆਂ ਕਿਹਾ ਕਿ ਠੇਕੇਦਾਰਾਂ ਵੱਲੋਂ ਮਜ਼ਦੂਰਾਂ ਦੀ ਕੀਤੀ ਜਾ ਰਹੀ ਲੁੱਟ ਖਿਲਾਫ ਹੁਣ ਤੱਕ ਲੜੇ ਗਏ ਤਿੱਖੇ ਸੰਘਰਸ਼ਾਂ ਦੌਰਾਨ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਚੋਣਾਂ ਮੌਕੇ ਮਜ਼ਦੂਰ ਜਥੇਬੰਦੀਆਂ ਨਾਲ ਵੱਡੇ-ਵੱਡੇ ਵਾਅਦੇ ਤਾਂ ਕੀਤੇ ਜਾਂਦੇ ਰਹੇ ਹਨ ਪਰੰਤੂ ਵੋਟਾਂ ਲੰਘਣ ਤੋਂ ਬਾਅਦ ਬਣੀ ਕਿਸੇ ਵੀ ਸਰਕਾਰ ਵੱਲੋਂ ਆਪਣੇ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ।ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਮਜ਼ਦੂਰ ਜ਼ਮਾਤ ਨੂੰ ਸਿਰਫ ਵੋਟ ਬੈਂਕ ਵੱਜੋਂ ਹੀ ਵਰਤਣ ਦੇ ਦੋਸ਼ ਲਗਾਉਂਦਿਆਂ ਖੁਸ਼ੀ ਮੁਹੰਮਦ ਨੇ ਕਿਹਾ ਕਿ ਕਿਸੇ ਵੀ ਸਰਕਾਰ ਵੱਲੋਂ ਮਜ਼ਦੂਰ ਜ਼ਮਾਤ ਨੂੰ ਠੇਕੇਦਾਰਾਂ ਦੀ ਲੁੱਟ ਤੋਂ ਬਚਾਉਣ ਲਈ ਕੋਈ ਵੀ ਕਦਮ ਨਾ ਚੁੱਕੇ ਜਾਣ ਕਾਰਨ ਹੁਣ ਪੱਲੇਦਾਰ ਮਜ਼ਦੂਰਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ।ਜਿਸ ਕਾਰਨ ਇੱਕਠੀਆਂ ਹੋਈਆਂ ਸੂਬੇ ਦੀਆਂ 7 ਪ੍ਰਮੁੱਖ ਮਜ਼ਦੂਰ ਜਥੇਬੰਦੀਆਂ ਨੇ ਹੁਣ ਠੇਕੇਦਾਰੀ ਸਿਸਟਮ ਖਿਲਾਫ ਆਰ ਜਾਂ ਪਾਰ ਦੀ ਲੜ੍ਹਾਈ ਸ਼ੁਰੂ ਕਰਦਿਆਂ ਸਪਸ਼ੱਟ ਤੌਰ ‘ਤੇ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਫੂਡ ਏਜੰਸੀਆਂ ‘ਚੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਪੇਮੈਂਟਾਂ ਦਾ ਸਿੱਧਾ ਭੁਗਤਾਨ ਕਰਨਾ ਸ਼ੁਰੂ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ।ਵੋਟਾਂ ਦੌਰਾਨ ਸਰਕਾਰਾਂ ਵੱਲੋਂ ਕੀਤੇ ਜਾਂਦੇ ਝੂਠੇ ਵਾਅਦਿਆਂ ਕਾਰਨ ਮਜ਼ਦੂਰਾਂ ਦਾ ਸਰਕਾਰਾਂ ਤੋਂ ਹੁਣ ਵਿਸ਼ਵਾਸ ਉੱਠ ਚੁੱਕਾ ਹੈ।
ਮਜ਼ਦੂਰ ਨੇਤਾ ਖੁਸ਼ੀ ਮੁਹੰਮਦ ਨੇ ਪੰਜਾਬ ਸਰਕਾਰ ਨੂੰ 6 ਦਸੰਬਰ ਤੱਕ ਦਾ ਸਮਾਂ ਦਿੰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਫੂਡ ਮੰਤਰੀ ਸਮੇਤ ਫੂਡ ਸੈਕਟਰੀ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ।ਜੇਕਰ ਹੁਣ ਵੀ ਸਰਕਾਰ ਨੇ ਜਲਦੀ ਸਾਡੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਪੰਜਾਬ ਦੀਆਂ ਸਮੁੱਚੀਆਂ ਪੱਲੇਦਾਰ ਜਥੇਬੰਦੀਆਂ ਸੂਬੇ ਦੀਆਂ ਫੂਡ ਏਜੰਸੀਆਂ ਦਾ ਲੋਡਿੰਗ-ਅਨਲੋਡਿੰਗ ਅਤੇ ਸਟੇਸ਼ਨ ਦੀਆਂ ਸਪੈਸ਼ਲਾਂ ਤੇ ਗੱਠਾ ਦੇ ਲੋਡ-ਅਨਲੋੜ ਦੇ ਕੰਮ ਨੂੰ ਮੁਕੰਮਲ ਬੰਦ ਕਰਕੇ ਅਣ-ਮਿੱਥੇ ਸਮੇਂ ਲਈ ਹੜਤਾਲ ‘ਤੇ ਚਲੀਆਂ ਜਾਣਗੀਆਂ।ਇਸ ਹੜਤਾਲ ਦੌਰਾਨ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਫੂਡ ਏਜੰਸੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਪੰਜਾਬ ਅੰਦਰ ਮਜ਼ਦੂਰਾਂ ਦੇ ਹੋ ਰਹੇ ਸੋਸ਼ਣ ਦਾ ਵਿਸਥਾਰ ‘ਚ ਖੁਲਾਸਾ ਕਰਦਿਆਂ ਖੁਸ਼ੀ ਮੁਹੰਮਦ ਨੇ ਕਿਹਾ ਕਿ ਮਜ਼ਦੂਰਾਂ ਦਾ ਈ.ਐਸ.ਆਈ. ਫੰਡ ਵੀ ਕੱਟਿਆ ਜਾਂਦਾ ਹੈ ਪਰੰਤੂ ਅੱਜ ਤੱਕ ਕਿਸੇ ਵੀ ਮਜ਼ਦੂਰ ਨੂੰ ਕੋਈ ਮੁਫਤ ਸਿਹਤ ਸਹੂਲਤ ਨਹੀਂ ਮਿਲੀ।ਡਿਪਟੀ ਕਮਿਸ਼ਨਰ ਦਫਤਰ ਵਿਖੇ ਏ.ਡੀ.ਸੀ. ਗੁਰਮੀਤ ਕੁਮਾਰ ਨੇ ਮੰਗ ਪੱਤਰ ਲੈਣ ਉਪਰੰਤ ਕੌਮੀ ਮਜ਼ਦੂਰ ਨੇਤਾ ਖੁਸ਼ੀ ਮੁਹੰਮਦ ਨਾਲ ਮੰਗਾਂ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੰਗ ਪੱਤਰ ਨੂੰ ਜਲਦੀ ਹੀ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ।ਇਸ ਮੌਕੇ ਰੈਲੀ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ‘ਚ ਖੁਸ਼ੀ ਮੁਹੰਮਦ ਤੋਂ ਇਲਾਵਾ ਰਣਜੀਤ ਸਿੰਘ ਕਲਿਆਣ, ਮੇਵਾ ਸਿੰਘ ਅਮਰਗੜ੍ਹ, ਅਮਰਜੀਤ ਸਿੰਘ ਸੰਦੌੜ, ਅਬਦੁੱਲ ਸੱਤਾਰ ਮਾਲੇਰਕੋਟਲਾ, ਬਸ਼ੀਰ ਖਾਂ, ਰੂਪ ਖਾਂ, ਸੰਜੇ ਯਾਦਵ ਅਤੇ ਅਨਵਰ ਖਾਂ ਆਦਿ ਸ਼ਾਮਲ ਸਨ।