ਲਖਨਊ, 18 ਜੁਲਾਈ-ਰਾਜਸਥਾਨ ਵਿੱਚ ਕਾਂਗਰਸ ਸਰਕਾਰ ਤੋਂ ਨਾਰਾਜ਼ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਉੱਥੇ ਮੌਜੂਦ ਸਿਆਸੀ ਅਸਥਿਰਤਾ ਦੇ ਮਾਹੌਲ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫ਼ਾਰਿਸ਼ ਕੀਤੀ ਹੈ| ਮਾਇਆਵਤੀ ਨੇ ਟਵੀਟ ਕੀਤਾ,”ਜਿਵੇਂ ਕਿ ਜਾਣਦੇ ਹਾਂ ਕਿ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਗਹਿਲੋਤ ਨੇ ਪਹਿਲੇ ਦਲ-ਬਦਲ ਕਾਨੂੰਨ ਦਾ ਖੁੱਲ੍ਹਾ ਉਲੰਘਣ ਅਤੇ ਬਸਪਾ ਨਾਲ ਲਗਾਤਾਰ ਦੂਜੀ ਵਾਰ ਦਗ਼ਾਬਾਜ਼ੀ ਕਰ ਕੇ ਪਾਰਟੀ ਦੇ ਵਿਧਾਇਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਅਤੇ ਹੁਣ ਜਗ-ਜ਼ਾਹਰ ਤੌਰ ਤੇ ਫੋਨ ਟੇਪ ਕਰਵਾ ਕੇ ਇਨ੍ਹਾਂ ਨੇ ਇਕ ਹੋਰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਕੰਮ ਕੀਤਾ ਹੈ|” ਉਨ੍ਹਾਂ ਨੇ ਕਿਹਾ,”ਇਸ ਤਰ੍ਹਾਂ, ਰਾਜਸਥਾਨ ਵਿੱਚ ਲਗਾਤਾਰ ਜਾਰੀ ਸਿਆਸੀ ਗਤੀਰੋਧ, ਆਪਸੀ ਉੱਠਕ-ਬੈਠਕ ਅਤੇ ਸਰਕਾਰੀ ਅਸਥਿਰਤਾ ਦੇ ਹਾਲਾਤ ਦਾ ਉੱਥੋਂ ਦੇ ਰਾਜਪਾਲ ਨੂੰ ਪ੍ਰਭਾਵੀ ਨੋਟਿਸ ਲੈ ਕੇ ਉੱਥੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫ਼ਾਰਿਸ਼ ਕਰਨੀ ਚਾਹੀਦੀ ਹੈ ਤਾਂ ਕਿ ਸੂਬੇ ਵਿੱਚ ਲੋਕਤੰਤਰ ਦੀ ਹੋਰ ਜ਼ਿਆਦਾ ਦੁਰਦਸ਼ਾ ਨਾ ਹੋਵੇ|”
ਰਾਜਸਥਾਨ ਦੇ ਤਾਜ਼ਾ ਸਿਆਸੀ ਘਟਨਾਕ੍ਰਮ ਵਿੱਚ ਬਸਪਾ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ| ਦਰਅਸਲ ਰਾਜਸਥਾਨ ਵਿੱਚ ਬਸਪਾ ਦੇ 6 ਵਿਧਾਇਕ ਅਸ਼ੋਕ ਗਹਿਲੋਤ ਸਰਕਾਰ ਨੂੰ ਬਾਹਰੋਂ ਸਮਰਥਨ ਦੇ ਰਹੇ ਸਨ ਪਰ ਕਾਂਗਰਸ ਨੇ ਪਿਛਲੇ ਸਾਲ ਸਤੰਬਰ ਵਿੱਚ ਇਨ੍ਹਾਂ ਵਿਧਾਇਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰ ਲਿਆ ਸੀ| ਜਨਵਰੀ ਵਿੱਚ ਇਨ੍ਹਾਂ ਵਿਧਾਇਕਾਂ ਨੇ ਕਾਂਗਰਸ ਦੀ ਰਸਮੀ ਮੈਂਬਰਤਾ ਲੈ ਲਈ ਸੀ| ਬਸਪਾ ਦਾ ਦੋਸ਼ ਹੈ ਕਿ ਕਾਂਗਰਸ ਨੇ ਲਾਲਚ ਦੇ ਕੇ ਉਸ ਦੇ ਵਿਧਾਇਕਾਂ ਨੂੰ ਤੋੜਿਆ ਹੈ| ਇਸ ਬਾਰੇ ਬਸਪਾ ਸੁਪਰੀਮੋ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਅਸਤੀਫਾ ਮੰਗਿਆ ਸੀ| ਬਸਪਾ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਲੈ ਕੇ ਵੀ ਪਹੁੰਚੀ ਸੀ ਪਰ ਕਮਿਸ਼ਨ ਨੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ|