ਔਕਲੈਂਡ 26 ਨਵੰਬਰ, 2021:- ਕੀਵੀ ਧਰਤੀ ਉਤੇ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀ ਰੱਖਣ ਦੀ ਪ੍ਰੇਰਨਾ ਅੱਜ ਦੀ ਨਹੀਂ ਹੈ, ਇਹ ਸਾਡੇ ਪੁਰਖਿਆਂ ਤੋਂ ਚੱਲੀ ਆ ਰਹੀ ਹੈ, ਇਸ ਗੱਲ ਦਾ ਪ੍ਰਗਟਾਵਾ ਸ.ਅਜੀਤ ਸਿੰਘ ਰੰਧਾਵਾ ਹੋਰਾਂ ਨੇ ਕੀਤਾ ਹੈ ਜਿਨ੍ਹਾਂ ਦੀ ਇਥੇ ਚੌਥੀ ਪੀੜ੍ਹੀ ਨਿਵਾਸ ਕਰ ਰਹੀ ਹੈ। ਬੀਤੇ ਦਿਨ ਉਨ੍ਹਾਂ ਇਕ ਅਜਿਹੇ ਸਕੂਲ ਦੀ ਯਾਤਰਾ ਕੀਤੀ ਜਿੱਥੇ 1960-70 ਦੇ ਦਹਾਕੇ ਵਿਚ ਹੀ ਪੰਜਾਬੀ ਪਰਿਵਾਰਾਂ ਨੇ, ਖਾਸ ਕਰ ਕਿਸਾਨੀ ਕਰਦੇ ਪਰਿਵਾਰਾਂ ਨੇ ਆਪਣੇ ਬੱਚਿਆਂ ਲਈ ਪੰਜਾਬੀ ਕਲਾਸਾਂ ਸ਼ੁਰੂ ਕਰ ਲਈਆਂ ਸਨ। ਇਹ ਪੰਜਾਬੀ ਕਲਾਸਾਂ ਵਾਇਕਾਟੋ ਖੇਤਰ ਜਿੱਥੇ ਨਿਊਜ਼ੀਲੈਂਡ ਦੇ ਪਹਿਲੇ ਗੁਰਦੁਆਰਾ ਸਾਹਿਬ ਸਾਹਿਬ (ਟੀ-ਰਾਪਾ ਰੋਡ) ਦਾ ਨੀਂਹ ਪੱਥਰ 3 ਅਕਤੂਬਰ 1976 ਨੂੰ ਰੱਖਿਆ ਸੀ, ਦੇ ਇਕ ਕਸਬੇ ਵਿੱਟੀਕਾਹੂ ਵਿਖੇ ਸਥਿਤ ਸਕੂਲ ’ਚ 1970 ਦੇ ਦਹਾਕੇ ਵਿਚ ਸ਼ੁਰੂ ਕਰ ਲਈਆਂ ਸਨ। ਇੰਗਲਿਸ਼ ਪੜ੍ਹਾਈ ਦੇ ਇਸ ਸਕੂਲ ਦੇ ਕਮਰਿਆਂ ਵਿਚ ਹੀ ਪਹਿਲਾ ਪੰਜਾਬੀ ਕਾਇਦਾ ਖੁੱਲ੍ਹਿਆ ਮੰਨਿਆ ਜਾ ਸਕਦਾ ਹੈ। ਗੁਰਦੁਆਰਾ ਸਾਹਿਬ ਤੋਂ ਇਹ 22 ਕੁ ਕਿਲੋਮੀਟਰ ਦੀ ਦੂਰੀ ਉਤੇ ਸਥਿਤ ਹੈ।
ਇਹ ਕਲਾਸਾਂ ਕਿਸਾਨੀ ਪਰਿਵਾਰਾਂ ਦੇ ਮੈਂਬਰ ਆਪਣੇ ਬੱਚਿਆਂ ਲਈ ਇਥੇ ਹਫਤਾਵਾਰੀ ਲਗਾਇਆ ਕਰਦੇ ਸਨ। ਉਸ ਵੇਲੇ 10 ਕੁ ਪਰਿਵਾਰ ਇਸ ਖੇਤਰ ਦੇ ਵਿਚ ਕਿਸਾਨੀ ਅਤੇ ਡੇਅਰੀ ਫਾਰਮਿੰਗ ਕਰਿਆ ਕਰਦੇ ਸਨ। ਉਸ ਸਮੇਂ ਪੜ੍ਹਾਉਣ ਵਾਲੇ ਪੰਜਾਬੀ ਅਧਿਆਪਕ ਇਹ ਮੁਫ਼ਤ ਸੇਵਾ ਕਰਦੇ ਹੁੰਦੇ ਸਨ, ਅੱਜ ਵੀ ਇਹ ਪ੍ਰਥਾ ਜਾਰੀ ਹੈ ਪਰ ਸਾਧਨਾਂ ਅਤੇ ਮਿਆਰ ਦੇ ਮੁਤਾਬਿਕ ਕੁਝ ਰੁਝਾਨ ਬਦਲਿਆ ਵੀ ਹੈ। ਇਸਦੇ ਨਾਲ ਹੀ ਸ. ਅਜੀਤ ਸਿੰਘ ਰੰਧਾਵਾ ਹੋਰਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਔਕਲੈਂਡ ਖੇਤਰ ਦੇ ਵਿਚ ਪਹਿਲੀ ਪੰਜਾਬੀ ਕਲਾਸ 1980 ਦੇ ਦਹਾਕੇ ਵਿਚ ‘ਤੂਈ ਰੋਡ ਪਾਪਾਟੋਏਟੋਏ’ ਜਿੱਥੇ ਅੱਜਕੱਲ੍ਹ ‘ਡਾਇਵਰਸਿਟੀ ਸੈਂਟਰ’ ਬਣਿਆ ਹੈ, ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਪੰਜਾਬੀ ਕਲਾਸਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਉਟਾਹੂਹੂ ਵਿਖੇ ਸ਼ੁਰੂ ਹੋਈਆਂ ਤੇ ਫਿਰ ਇਹ ਕਲਾਸਾਂ ਪਹਿਲੇ ਪੰਜਾਬੀ ਸਭਿਆਚਾਰਕ ਸੈਂਟਰ ਜਿਸ ਨੂੰ ‘ਪੰਜਾਬੀ ਭਵਨ’ ਦਾ ਨਾਂਅ ਦਿੱਤਾ ਗਿਆ ਸੀ, ਪਾਪਾਟੋਏਟੋਏ ਵਿਖੇ ਸ਼ੁਰੂ ਹੋਈਆਂ ਤੇ ਇਥੇ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵੀ ਮੌਜੂਦ ਸੀ।
ਨਿਊਜ਼ੀਲੈਂਡ ਦੇ ਦੂਜੇ ਪੰਜਾਬੀ ਭਾਸ਼ਾ ਹਫਤੇ ਮੌਕੇ ਪੰਜਾਬੀ ਭਾਸ਼ਾ ਦੇ ਸਫਰ ਉਤੇ ਤੁਰਨ ਵਾਸਤੇ ਪਾਈਆਂ ਪੁਰਾਤਨ ਪੁਰਖਿਆਂ ਦੀ ਲੀਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਲੀਹਾਂ ਕਰਕੇ ਹੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਆਪਣੀ ਭਾਸ਼ਾ ਦੇ ਦੀਵੇ ਜਗਾਉਂਦੇ ਗਏ ਅਤੇ ਰਾਹ ਚਾਨਣ ਮੁਨਾਰਿਆਂ ਦੇ ਨਾਲ ਰੁਸ਼ਨਾਉਣ ਦੇ ਕਾਬਿਲ ਹੋਣ ਦੇ ਹਾਣੀ ਹੋਇਆ। ਨਿਊਜ਼ੀਲੈਂਡ ਦੇ ਦੂਜੇ ਪੰਜਾਬੀ ਭਾਸ਼ਾ ਹਫਤੇ ਮੌਕੇ ਇਹ ਜਾਣਕਾਰੀ ਪੜ੍ਹ ਕੇ ਹਰੇਕ ਪੰਜਾਬੀ ਨੂੰ ਚੰਗਾ ਲੱਗਾ ਹੋਵੇਗਾ ਤੇ ਆਪਣੇ ਪੁਰਖਿਆਂ ਉਤੇ ਮਾਣ ਹੋਵੇਗਾ।