ਐਸ ਏ ਐਸ ਨਗਰ, 1 ਮਈ ਫੇਜ਼-9 ਰਿਹਾਇਸ਼ੀ ਖੇਤਰ ਵਿੱਚੋਂ ਲੰਘਦੇ ਐਨ ਚੋਅ ਰੂਪੀ ਗੰਦੇ ਨਾਲੇ ਵਿੱਚ ਖੜ੍ਹੇ ਪਾਣੀ ਦੀ ਬਦਬੂ ਅਤੇ ਇੱਥੇ ਪਲਦੇ ਮੱਛਰਾਂ ਕਾਰਨ ਆਸ ਪਾਸ ਦੇ ਵਸਨੀਕ ਬੁਰੀ ਤਰ੍ਹਾਂ ਤੰਗ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਇਸ ਨਾਲੇ ਵਿੱਚ ਖੜ੍ਹੇ ਗੰਦੇ ਪਾਣੀ ਵਿੱਚੋਂ ਭਾਰੀ ਬਦਬੋ ਆਉਂਦੀ ਹੈ ਅਤੇ ਇਹ ਨਾਲਾ ਮੱਛਰਾਂ ਦਾ ਸਵਰਗ ਬਣ ਕੇ ਰਹਿ ਗਿਆ ਹੈ।
ਸਥਾਨਕ ਵਸਨੀਕ ਕਰਨਲ ਟੀ ਬੀ ਐਸ ਬੇਦੀ (ਰਿਟਾ) ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਪਲਦੇ ਮੱਛਰਾਂ ਕਾਰਨ ਇਸ ਪੂਰੇ ਇਲਾਕੇ ਵਿੱਚ ਬਿਮਾਰੀ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਹਲ ਲਈ ਕਾਰਵਾਈ ਕਰਨ ਦੀ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਪਰੰਤੂ ਕੋਈ ਕਾਰਵਾਈ ਨਹੀਂ ਹੁੰਦੀ।
ਉਹਨਾਂ ਮੰਗ ਕੀਤੀ ਕਿ ਇਸ ਨਾਲੇ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਜੋ ਇੱਥੇ ਖੜ੍ਹੇ ਪਾਣੀ ਦੀ ਨਿਕਾਸੀ ਹੋਵੇ ਅਤੇ ਇੱਥੇ ਪਲਦੀ ਮੱਛਰਾਂ ਦੀ ਫੌਜ ਤੇ ਕਾਬੂ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹਲ ਲਈ ਐਨ ਚੋਅ ਨਾਲੇ ਦਾ ਪੁਨਰ ਵਿਕਾਸ ਕੀਤਾ ਜਾਣਾ ਚਾਹੀਦਾ ਹੈ ਅਤੇ ਫੇਜ਼ 9 ਦੇ ਵਸਨੀਕਾਂ ਦੀ ਇਸ ਸਮੱਸਿਆ ਨੂੰ ਤੁਰੰਤ ਹਲ ਕੀਤਾ ਜਾਣਾ ਚਾਹੀਦਾ ਹੈ।